ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 4 ਨਵੰਬਰ
ਯੂਟੀ ਦੇ ਸਿੱਖਿਆ ਵਿਭਾਗ ਨੇ ਠੇਕੇਦਾਰਾਂ ਵੱਲੋਂ ਕੱਚੇ ਕਾਮਿਆਂ ਦੇ ਕੀਤੇ ਜਾਂਦੇ ਸ਼ੋਸ਼ਣ ‘ਤੇ ਲਗਾਮ ਲਾ ਦਿੱਤੀ ਹੈ। ਵਿਭਾਗ ਨੇ ਠੇਕੇਦਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਰੱਖੇ ਜਾਂਦੇ ਕੱਚੇ ਮੁਲਾਜ਼ਮਾਂ ਦਾ ਰਿਕਾਰਡ ਆਨਲਾਈਨ ਕਰਨ ਦਾ ਫੈਸਲਾ ਕੀਤਾ ਹੈ। ਨਿਯੁਕਤੀਆਂ ਦਾ ਇਹ ਪੋਰਟਲ ਦਸੰਬਰ ਵਿੱਚ ਜਾਰੀ ਕੀਤਾ ਜਾਵੇਗਾ। ਇਸ ਮਗਰੋਂ ਕੋਈ ਵੀ ਠੇਕੇਦਾਰ ਮਨਮਰਜ਼ੀ ਨਾਲ ਠੇਕੇ ‘ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਕੱਢ ਨਹੀਂ ਸਕੇਗਾ, ਜੇ ਕਿਸੇ ਮੁਲਾਜ਼ਮ ਨੂੰ ਕੱਢਿਆ ਜਾਂਦਾ ਹੈ ਤਾਂ ਉਸ ਦਾ ਕਾਰਨ ਆਨਲਾਈਨ ਅਪਲੋਡ ਕਰਨਾ ਪਵੇਗਾ। ਇਸ ਤੋਂ ਇਲਾਵਾ ਨੌਕਰੀ ‘ਤੇ ਰੱਖੇ ਜਾਣ ਵਾਲੇ ਮੁਲਾਜ਼ਮਾਂ ਦੀ ਵਿੱਦਿਅਕ ਯੋਗਤਾ ਵੀ ਅਪਲੋਡ ਕਰਨੀ ਜ਼ਰੂਰੀ ਹੋਵੇਗੀ। ਆਨਲਾਈਨ ਪੋਰਟਲ ਵਿੱਚ ਠੇਕੇਦਾਰਾਂ ਨੂੰ ਆਪਣੇ ਮੁਲਾਜ਼ਮਾਂ ਦੇ ਸਾਰੇ ਵੇਰਵੇ ਅਪਲੋਡ ਕਰਨੇ ਪੈਣਗੇ ਜਿਸ ਵਿੱਚ ਉਸ ਦਾ ਆਧਾਰ ਕਾਰਡ ਤੇ ਬੈਂਕ ਖਾਤੇ ਦੇ ਵੇਰਵੇ ਵੀ ਸ਼ਾਮਲ ਹੋਣਗੇ।
ਜਾਣਕਾਰੀ ਅਨੁਸਾਰ ਹਰ ਵਾਰ ਨਵੀਂ ਆਊਟਸੋਰਸ ਕੰਪਨੀ ਦੇ ਠੇਕੇਦਾਰ ਵੱਲੋਂ ਆਉਣ ‘ਤੇ ਮੁਲਾਜ਼ਮਾਂ ਤੋਂ ਕਮਿਸ਼ਨ ਮੰਗਿਆ ਜਾਂਦਾ ਸੀ। ਇਹ ਮਾਮਲਾ ਹਰ ਵਾਰ ਵਿਭਾਗ ਦੇ ਉਚ ਅਧਿਕਾਰੀਆਂ ਕੋਲ ਚੁੱਕਿਆ ਜਾਂਦਾ ਸੀ ਤੇ ਇਸ ਸਬੰਧੀ ਪ੍ਰਸ਼ਾਸਕ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ। ਕੰਪਨੀ ਦੇ ਠੇਕੇਦਾਰ ਵੱਲੋਂ ਨੌਕਰੀ ਜਾਰੀ ਰੱਖਣ ਲਈ 12 ਹਜ਼ਾਰ ਰੁਪਏ ਦੇ ਕਰੀਬ ਕਮਿਸ਼ਨ ਮੰਗਿਆ ਜਾਂਦਾ ਸੀ, ਕਮਿਸ਼ਨ ਨਾ ਦੇਣ ‘ਤੇ ਮੁਲਾਜ਼ਮਾਂ ਨੂੰ ਕੱਢ ਦਿੱਤਾ ਜਾਂਦਾ ਸੀ।
ਨਿਯਮਾਂ ਅਨੁਸਾਰ ਠੇਕਾ ਨਹੀਂ ਹੋ ਰਿਹਾ ਸੀ ਰੱਦ
ਯੂਟੀ ਵਿੱਚ ਕੰਟਰੈਕਟ ਕਰਮੀਆਂ ਨੂੰ ਜੈਮ ਪੋਰਟਲ ਰਾਹੀਂ ਰੱਖਿਆ ਜਾਂਦਾ ਹੈ ਤੇ ਨਿਯਮਾਂ ਅਨੁਸਾਰ ਮੁਲਾਜ਼ਮਾਂ ਦੀ ਤਨਖਾਹ ਦਾ 0.01 ਫੀਸਦੀ ਠੇਕੇਦਾਰ ਨੂੰ ਵਿਭਾਗ ਵੱਲੋਂ ਅਦਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਠੇਕੇਦਾਰ ਮੁਲਾਜ਼ਮਾਂ ਤੋਂ ਪੈਸੇ ਮੰਗਦਾ ਹੈ ਤਾਂ ਇਹ ਠੇਕਾ ਰੱਦ ਕਰਨ ਦਾ ਨਿਯਮ ਹੈ ਪਰ ਵਿਭਾਗ ਠੇਕਾ ਰੱਦ ਨਹੀਂ ਕਰਵਾ ਰਿਹਾ ਸੀ। ਯੂਟੀ ਕੇਡਰ ਐਜੂਕੇਸ਼ਨ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਕਿਹਾ ਕਿ ਕਈ ਅਧਿਆਪਕ ਦਸ ਤੋਂ ਬਾਰਾਾਂ ਸਾਲਾਂ ਤੋਂ ਪੜ੍ਹਾ ਰਹੇ ਹਨ ਤੇ ਅਧਿਆਪਕਾਂ ਦੇ ਹਿੱਤ ਸੁਰੱਖਿਅਤ ਹੋਣੇ ਚਾਹੀਦੇ ਹਨ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਸ ਪੋਰਟਲ ਦੇ ਅਮਲ ਵਿੱਚ ਆਉਣ ਤੋਂ ਬਾਅਦ ਠੇਕੇਦਾਰ ਮਨਮਾਨੀ ਨਹੀਂ ਕਰ ਸਕਣਗੇ ਤੇ ਠੇਕੇ ‘ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਹਿੱਤ ਸੁਰੱਖਿਅਤ ਰਹਿਣਗੇ।