ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 23 ਜੂਨ
ਪਿੰਡ ਖੁਰਾਣਾ ਵਿੱਚ 8736 ਕੱਚੇ ਅਧਿਆਪਕਾਂ ਦਾ ਟੈਂਕੀ ਸੰਘਰਸ਼ 11ਵੇਂ ਦਿਨ ਵੀ ਜਾਰੀ ਰਿਹਾ। ਇੱਥੇ ਅਧਿਆਪਕ ਇੰਦਰਜੀਤ ਸਿੰਘ ਪਿੰਡ ਖੁਰਾਣਾ ਦੀ ਕਰੀਬ ਸੌ ਫੁੱਟ ਉਚੀ ਟੈਂਕੀ ਉਪਰ ਡਟਿਆ ਹੋਇਆ ਹੈ, ਉਥੇ ਹੀ ਟੈਂਕੀ ਹੇਠਾਂ ਪੱਕੇ ਰੋਸ ਧਰਨੇ ਦੌਰਾਨ ਕੱਚੇ ਅਧਿਆਪਕ ਸਰਕਾਰ ਖ਼ਿਲਾਫ਼ ਗਰਜ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਾਵੇਂ ਕੱਚੇ ਅਧਿਆਪਕਾਂ ਦੇ ਸੂਬਾਈ ਵਫ਼ਦ ਦੀ ਮੀਟਿੰਗ ਕੈਬਨਿਟ ਸਬ ਕਮੇਟੀ ਨਾਲ ਤੈਅ ਕਰਵਾਈ ਸੀ ਪਰ ਇਹ ਮੀਟਿੰਗ ਤਿੰਨ ਮੈਂਬਰੀ ਕੈਬਨਿਟ ਸਬ ਕਮੇਟੀ ਨਾਲ ਹੋਣ ਦੀ ਬਜਾਏ ਸਿਰਫ਼ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ, ਜੋ ਕਿ ਬੇਸਿੱਟਾ ਰਹੀ। ਪ੍ਰਦਰਸ਼ਨਕਾਰੀ ਕੱਚੇ ਅਧਿਆਪਕਾਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ 25 ਜੂਨ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੋਲ ਖੋਲ੍ਹ ਰੈਲੀਆਂ ਕਰਨ ਦਾ ਐਲਾਨ ਕੀਤਾ ਹੈ।