ਨਿੱਜੀ ਪੱਤਰ ਪ੍ਰੇਰਕ
ਧੂਰੀ, 29 ਜੂਨ
ਸੀਨੀਅਰ ਸਿਟੀਜ਼ਨ ਵੈੱਲਫ਼ੇਅਰ ਐਸੋਸੀਏਸ਼ਨ ਧੂਰੀ ਦਾ ਵਫ਼ਦ ਪ੍ਰਧਾਨ ਜਗਦੀਸ਼ ਸ਼ਰਮਾ, ਗੁਰਦੀਪ ਸਿੰਘ, ਚਰਨਜੀਤ ਸਿੰਘ ਅਤੇ ਬਲਰਾਮ ਬਾਂਸਲ ਦੀ ਅਗਵਾਈ ਹੇਠ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਸਿਵਲ ਹਸਪਤਾਲ ਧੂਰੀ ਵਿੱਚ ਮਿਲਿਆ। ਮੰਤਰੀ ਨੂੰ ਮੰਗ ਪੱਤਰ ਰਾਹੀਂ ਹਸਪਤਾਲ ਵਿੱਚ ਮਰੀਜ਼ਾਂ ਦੀ ਹੋ ਰਹੀ ਖੱਜਲ ਖੁਆਰੀ, ਸਾਫ਼ ਸਫ਼ਾਈ ਅਤੇ ਸਰਜਰੀ, ਅੱਖਾਂ ਤੇ ਚਮੜੀ ਆਦਿ ਡਾਕਟਰ ਨਾ ਹੋਣ ਕਰ ਕੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਮਰੀਜ਼ਾਂ ਦੀ ਹੋ ਰਹੀ ਲੁੱਟ ਬਾਰੇ ਦੱਸਿਆ ਗਿਆ। ਪ੍ਰਧਾਨ ਜਗਦੀਸ਼ ਸ਼ਰਮਾ, ਹਰਜਿੰਦਰ ਸਿੰਘ ਅਤੇ ਸਰਬਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਦੋ ਵਜੇ ਤੋਂ ਬਾਅਦ ਕੋਈ ਡਾਕਟਰ ਨਹੀਂ ਹੁੰਦਾ। ਹਸਪਤਾਲ ਵਿੱਚ ਅੱਖਾਂ ਦੇ ਲੈਨਜ਼ ਪੁਆਉਣ, ਪੀਸੀਏ ਅਤੇ ਅਲਟਰਾਸਾਊਂਡ ਆਦਿ ਜ਼ਰੂਰੀ ਟੈਸਟਾਂ ਦਾ ਪ੍ਰਬੰਧ ਨਹੀਂ ਹੈ, ਜਿਸ ਕਰ ਕੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਮੰਤਰੀ ਨੇ ਮੰਗਾਂ ‘ਤੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਅਤੇ ਸਾਰੀਆਂ ਕਮੀਆਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਆਦਿ ਮੌਜੂਦ ਸਨ।