ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 4 ਨਵੰਬਰ
ਇੱਥੋਂ ਦੇ ਰਾਮਲੀਲਾ ਮੈਦਾਨ ਵਿੱਚ ਸਥਿਤ ਫਰਨੀਚਰ ਦੇ ਗੁਦਾਮ ਵਿੱਚ ਲੰਘੀ ਦੇਰ ਰਾਤ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੀ ਚਾਰ ਗੱਡੀਆਂ ਨੇ ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ ‘ਤੇ ਕਾਬੂ ਪਾਇਆ। ਇਹ ਫਰਨੀਚਰ ਦਾ ਗੁਦਾਮ ਰਿਹਾਇਸ਼ੀ ਖੇਤਰ ਵਿੱਚ ਸਥਿਤ ਸੀ ਜਿਸ ਕਾਰਨ ਨੇੜਲੇ ਘਰਾਂ ਵਿੱਚ ਰਹਿੰਦੇ ਵਸਨੀਕਾਂ ਵਿੱਚ ਭਾਜੜਾਂ ਪੈ ਗਈਆਂ। ਮੌਕੇ ‘ਤੇ ਡੀ.ਐੱਸ.ਪੀ. ਹਰਵਿੰਦਰ ਸਿੰਘ ਖਹਿਰਾ, ਥਾਣਾ ਮੁਖੀ ਜਸਕੰਵਲ ਸਿੰਘ ਅਤੇ ਨਗਰ ਕੌਂਸਲ ਦੀ ਪ੍ਰਧਾਨ ਆਸ਼ੂ ਉਪਨੇਜਾ ਦੇ ਪਤੀ ਨਰੇਸ਼ ਉਪਨੇਜਾ ਪੁੱਜੇ।
ਜਾਣਕਾਰੀ ਅਨੁਸਾਰ ਰਾਮਲੀਲਾ ਮੈਦਾਨ ਵਿੱਚ ਬਾਂਸਲ ਫਰਨੀਚਰ ਹਾਊਸ ਦੇ ਨਾਂਅ ਹੇਠ ਫਰਨੀਚਰ ਦਾ ਸ਼ੋਅਰੂਮ ਹੈ। ਇਨ੍ਹਾਂ ਨੇ ਸ਼ੋਅਰੂਮ ਦੇ ਪਿਛਲੇ ਪਾਸੇ ਆਪਣਾ ਗੁਦਾਮ ਬਣਾਇਆ ਹੋਇਆ ਹੈ। ਸ਼ੋਅਰੂਮ ਦੀਆਂ ਦੋਵੇਂ ਮੰਜ਼ਲਾਂ ਵਿੱਚ ਲੱਖਾਂ ਰੁਪਏ ਦਾ ਤਿਆਰ ਫਰਨੀਚਰ ਭਰਿਆ ਹੋਇਆ ਸੀ। ਲੰਘੀ ਰਾਤ ਤਕਰੀਬਨ ਪੌਣੇ ਦਸ ਵਜੇ ਅਚਾਨਕ ਸ਼ੋਅਰੂਮ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਗਿਆ। ਗੁਆਂਢੀਆਂ ਵੱਲੋਂ ਇਸ ਦੀ ਜਾਣਕਾਰੀ ਮਾਲਕਾਂ ਨੂੰ ਦਿੱਤੀ ਗਈ। ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ ਗਈ। ਗਲੀਆਂ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਸਿਰੇ ਤੱਕ ਨਹੀਂ ਪਹੁੰਚ ਸਕੀ ਜਿਸ ਕਾਰਨ ਅੱਗ ‘ਤੇ ਕਾਬੂ ਪਾਉਣ ਵਿੱਚ ਭਾਰੀ ਦਿੱਕਤ ਆਈ। ਰਾਤ ਦੇ ਕਰੀਬ ਪੌਣੇ ਬਾਰ੍ਹਾਂ ਵਜੇ ਦੇ ਕਰੀਬ ਅੱਗ ‘ਤੇ ਕਾਬੂ ਪਾਇਆ ਗਿਆ ਪਰ ਜਦ ਤੱਕ ਗੁਦਾਮ ਵਿੱਚ ਪਿਆ ਸਾਰਾ ਫਰਨੀਚਰ ਸੜ ਕੇ ਸੁਆਹ ਹੋ ਗਿਆ ਸੀ। ਗੁਦਾਮ ਦੇ ਮਾਲਕ ਰਜਨੀਸ਼ ਬਾਂਸਲ ਨੇ ਕਿਹਾ ਕਿ ਸ਼ੋਅਰੂਮ ਵਿੱਚ ਕਰੀਬ ਵੀਹ ਲੱਖ ਰੁਪਏ ਦਾ ਤਿਆਰ ਫਰਨੀਚਰ ਪਿਆ ਸੀ ਜੋ ਪੂਰਾ ਸੜ ਕੇ ਸੁਆਹ ਹੋ ਗਿਆ। ਫਾਇਰ ਅਫਸਰ ਜਸਵੰਤ ਸਿੰਘ ਨੇ ਕਿਹਾ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਸੀ।