ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ/ਮੋਗਾ, 4 ਨਵੰਬਰ
ਥਾਣਾ ਬਧਨੀ ਕਲਾਂ ਦੀ ਪੁਲੀਸ ਪਾਰਟੀ ਵੱਲੋਂ ਨਸ਼ਾ ਤਸਕਰੀ ਦੇ ਸਬੰਧ ਵਿਚ ਥਾਣੇ ਵਿੱਚ ਲਿਆਂਦੇ ਗਏ ਇੱਕ ਨੌਜਵਾਨ ਦਾ ਪਤਾ ਕਰਨ ਆਏ ਉਸ ਪਿਤਾ ਦੀ ਅਚਾਨਕ ਮੌਤ ਹੋ ਜਾਣ ‘ਤੇ ਪੀੜਤ ਪਰਿਵਾਰ ਵੱਲੋਂ ਲਾਸ਼ ਨੂੰ ਥਾਣੇ ਮੂਹਰੇ ਰੱਖ ਕੇ ਧਰਨਾ ਦਿੱਤਾ।
ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਝੰਡਾ ਸਿੰਘ ਦੀ ਮੌਤ ਪੁਲੀਸ ਦੇ ਤਸ਼ਦੱਦ ਨਾਲ ਹੋਈ ਹੈ। ਉਨ੍ਹਾਂ ਮ੍ਰਿਤਕ ਝੰਡਾ ਸਿੰਘ ਦੀ ਲਾਸ਼ ਨੂੰ ਥਾਣੇ ਮੂਹਰੇ ਰੱਖ ਕੇ ਸਬੰਧਤ ਪੁਲੀਸ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਸਮੇਂ ਕੌਂਸਲਰ ਬਲਵੰਤ ਸਿੰਘ, ਮਾਣਕ ਸਿੰਘ, ਰੁਲਦੂ ਸਿੰਘ ਆਦਿ ਸਮੇਤ ਧਰਨਾਕਾਰੀ ਮੌਜੂਦ ਸਨ। ਉਧਰ ਥਾਣਾ ਮੁਖੀ ਪ੍ਰਤਾਪ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਉਪਰ ਪਹਿਲਾਂ ਵੀ ਨਸ਼ਿਆਂ ਸਬੰਧੀ ਮਾਮਲੇ ਦਰਜ ਹਨ। ਇਤਲਾਹ ਮਿਲਣ ‘ ਤੇ ਮਨਪ੍ਰੀਤ ਨੂੰ ਪੁੱਛਗਿੱਛ ਲਈ ਥਾਣੇ ਲਿਆਂਦਾ ਸੀ। ਮਨਪ੍ਰੀਤ ਬਾਰੇ ਪਤਾ ਕਰਨ ਆਏ ਝੰਡਾ ਸਿੰਘ ਦੀ ਥਾਣੇ ‘ਚੋਂ ਜਾਣ ਸਮੇਂ ਤਬੀਅਤ ਖਰਾਬ ਹੋ ਗਈ। ਉਸ ਨੂੰ ਤੁਰੰਤ ਡਾਕਟਰ ਪਾਸ ਇਲਾਜ ਲਈ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਡੀਐਸਪੀ ਮਨਜੀਤ ਸਿੰਘ ਢੇਸੀ ਨੇ ਮੌਕੇ ‘ਤੇ ਪੁੱਜ ਕੇ ਜਾਂਚ ਕਰਕੇ ਕਾਰਵਾਈ ਦਾ ਭਰੋਸਾ ਦਿੱਤਾ ਅਤੇ ਮ੍ਰਿਤਕ ਦੇ ਵਾਰਸਾਂ ਨੇ ਲਾਸ਼ ਨੂੰ ਲੁਹਾਰਾ ਮ੍ਰਿਤਕ ਦੇਹ ਸੰਭਾਲ ਕੇਂਦਰ ਵਿੱਚ ਰਖਵਾ ਦਿੱਤਾ। ਇਸ ਸਮੇਂ ਥਾਣਾ ਮੁਖੀ ਪ੍ਰਤਾਪ ਸਿੰਘਆਦਿ ਪੁਲੀਸ ਅਧਿਕਾਰੀ ਮੌਜੂਦ ਸਨ।