ਪੱਤਰ ਪ੍ਰੇਰਕ
ਕੋਟਕਪੂਰਾ, 4 ਨਵੰਬਰ
ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਜਿਉਣ ਵਾਲਾ ‘ਚ ਇੱਕ ਕਿਸਾਨ ਵੱਲੋਂ ਆਪਣੇ ਖੇਤ ਵਿਚ ਪਰਾਲੀ ਨੂੰ ਅੱਗ ਲਾਉਣ ਮਗਰੋਂ ਉਸ ਦੇ ਰੈਵੀਨਿਊ ਰਿਕਾਰਡ ਵਿਚ ਰੈੱਡ ਐਂਟਰੀ ਕਰਨ ਦੀ ਕਾਰਵਾਈ ਕਰਨ ਪਹੁੰਚੇ ਹਲਕਾ ਪਟਵਾਰੀ ਅਤੇ ਉਸ ਦੇ ਇਕ ਹੋਰ ਸਾਥੀ ਪਟਵਾਰੀ ਨੂੰ ਕਿਸਾਨਾਂ ਨੇ ਤਕਰੀਬਨ 30 ਘੰਟੇ ਤੱਕ ਬੰਧਕ ਬਣਾ ਕੇ ਰੱਖਿਆ। ਕਿਸਾਨਾਂ ਦੇ ਰੋਸ ਕਰਕੇ ਇਨ੍ਹਾਂ ਦੋਵਾਂ ਪਟਵਾਰੀਆਂ ਨੂੰ ਪੂਰੀ ਤਰ੍ਹਾਂ ਸਰਦੀ ਵਿਚ ਖੇਤ ਵਿਚ ਕਿਸਾਨਾਂ ਨਾਲ ਰਹਿ ਕੇ ਕੱਟਣੀ ਪਈ। ਇਸ ਤੋਂ ਪਹਿਲਾਂ ਕਿਸਾਨਾਂ ਨੇ ਤਹਿਸੀਲਦਾਰ ਕੋਟਕਪੂਰਾ ਨੂੰ ਬੰਧਕ ਬਣਾ ਲਿਆ ਸੀ। ਕਿਸਾਨਾਂ ਦੀ ਇਸ ਕਾਰਵਾਈ ਮਗਰੋਂ ਐਕਸ਼ਨ ਵਿਚ ਆਏ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਸਾਨਾਂ ਦੇ ਚੁੰਗਲ ‘ਚੋਂ ਕੱਢਣ ਦੀ ਕੋਸ਼ਿਸ਼ ਕੀਤੀ। ਪ੍ਰਸ਼ਾਸਨ ਦੇਰ ਸ਼ਾਮ ਤਹਿਸੀਲਦਾਰ ਕੋਟਕਪੂਰਾ ਨੂੰ ਕੱਢ ਕੇ ਲਿਜਾਣ ਵਿਚ ਸਫਲ ਹੋ ਗਿਆ ਜਦੋਂ ਕਿ ਦੋਵੇਂ ਪਟਵਾਰੀਆਂ ਨੂੰ ਰਾਤ ਖੇੇਤ ਵਿਚ ਕੱਟਣੀ ਪਈ।
ਜਾਣਕਾਰੀ ਅਨੁਸਾਰ ਪਿੰਡ ਜਿਉਣ ਵਾਲੇ ਰੋਡ ‘ਤੇ ਸਥਿਤ ਕਿਸਾਨ ਨਿਰਮਲ ਸਿੰਘ ਦੇ ਖੇਤ ਵਿਚ ਵੀਰਵਾਰ ਸਵੇਰੇ ਹਲਕਾ ਪਵਟਾਰੀ ਸੁਖਦੀਪ ਸਿੰਘ ਆਇਆ ਤੇ ਉਸ ਨੇ ਖੇਤ ਮਾਲਕ ਨੂੰ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਆਪਣੇ ਖੇਤ ਵਿਚ ਪਰਾਲੀ ਨੂੰ ਅੱਗ ਲਾਈ ਜਿਸ ਦੀ ਸੂਚਨਾ ਉਸ ਨੂੰ ਪੰਜਾਬ ਸਰਕਾਰ ਪਾਸੋਂ ਮਿਲੀ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਦੇ ਰੈਵੇਨਿਊ ਰਿਕਾਰਡ ਵਿਚ ਰੈੱਡ ਐਂਟਰੀ ਕਰਨੀ ਹੈ। ਦੂਜੇ ਪਾਸੇ ਕਿਸਾਨ ਨਿਰਮਲ ਸਿੰਘ ਨੇ ਆਪਣੇ ਸਾਥੀ ਕਿਸਾਨਾਂ ਨਾਲ ਮੌਕੇ ‘ਤੇ ਪਹੁੰਚ ਕੇ ਪਟਵਾਰੀ ਦਾ ਘਿਰਾਓ ਕਰ ਲਿਆ। ਮਗਰੋਂ ਉਸ ਦਾ ਇਕ ਹੋਰ ਸਾਥੀ ਪਟਵਾਰੀ ਨੂੰ ਮਿਲਣ ਆਇਆ ਤਾਂ ਉਸ ਨੂੰ ਵੀ ਬੰਧਕ ਬਣਾ ਲਿਆ।
ਦੇਰ ਸ਼ਾਮ ਉਪ ਮੰਡਲ ਮੈਜਿਸਟਰੇਟ ਵੀਰਪਾਲ ਕੌਰ, ਤਹਿਸੀਲਦਾਰ ਕੋਟਕਪੂਰਾ, ਡੀਐਸਪੀ ਕੋਟਕਪੂਰਾ ਨੇ ਮੌਕੇ ‘ਤੇ ਪਹੁੁੰਚ ਕੇ ਕਿਸਾਨਾਂ ਨੇ ਗੁੱਸੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀ ਤਹਿਸੀਲਦਾਰ ਨੂੰ ਕੱਢ ਕੇ ਲੈ ਜਾਣ ਵਿਚ ਸਫਲ ਹੋ ਗਏ ਪਰ ਪਟਵਾਰੀ ਕਿਸਾਨਾਂ ਦੇ ਚੁੰਗਲ ਵਿਚ ਰਹਿ ਗਏ। ਕਿਸਾਨਾਂ ਵੱਲੋਂ ਦੂਜੇ ਦਿਨ ਵੀ ਦੁਪਹਿਰ 3 ਵਜੇ ਤੱਕ ਧਰਨਾ ਜਾਰੀ ਰੱਖਿਆ ਮਗਰੋਂ ਪ੍ਰਸ਼ਾਸਨ ਨੇ ਇਸ ਮਾਮਲੇ ਵਿਚ ਵਿਚਾਰ ਵਟਾਂਦਰਾ ਕਰਨ ਮਗਰੋਂ ਤਹਿਸੀਲਦਾਰ ਲਿਖਤੀ ਭਰੋਸਾ ਦਿੱਤਾ ਕਿ ਕਿਸਾਨਾਂ ਦੀ ਇਸ ਕਾਰਵਾਈ ਦੇ ਵਿਰੋਧ ਵਿਚ ਕੋਈ ਪੁਲੀਸ ਕਾਰਵਾਈ ਨਹੀਂ ਕੀਤੀ ਜਾਵੇਗੀ ਤੇ ਬਾਕੀ ਮੰਗਾਂ ਨੂੰ ਸਵੀਕਾਰ ਕਰ ਲਿਆ ਹੈ। ਇਥੇ ਦੱਸਣਯੋਗ ਹੈ ਕਿ ਮਾਲਵਾ ਵਿੱਚ ਵੱਖ ਵੱਖ ਥਾਵਾਂ ‘ਤੇ ਪਰਾਲੀ ਸਾੜਨ ਨੂੰ ਲੈ ਕੇ ਕਿਸਾਨਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਪਰਾਲੀ ਨੂੰ ਸਾੜਨਾ ਨਹੀਂ ਚਾਹੁੰਦੇ ਪਰ ਪਰਾਲੀ ਸਾੜਨਾ ਉਨ੍ਹਾਂ ਦੀ ਮਜਬੂਰੀ ਹੈੇ। ਸਰਕਾਰ ਨੂੰ ਇਸ ਮੁੱਦੇ ‘ਤੇ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦੇਣਾ ਚਾਹੀਦਾ ਹੈ। ਪਿਛਲੇ ਦਿਨੀ ਵੱਖ ਵੱਖ ਪਿੰਡਾਂ ‘ਚ ਪਰਾਲੀ ਦੀ ਅੱਗ ਬੁਝਾਉਣ ਪਹੁੰਚੇ ਅਧਿਕਾਰੀਆਂ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ ਸੀ। ਇਹੀ ਨਹੀਂ ਪਰਾਲੀ ਦੀ ਅੱਗ ਬੁਝਾਉਣ ਖੇਤਾਂ ਵਿੱਚ ਪੁੱਜੀਆਂ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਦਾ ਵੀ ਕਿਸਾਨਾਂ ਨੇ ਘਿਰਾਓ ਕੀਤਾ ਸੀ। ਖਦਸ਼ਾ ਜ਼ਾਿਹਰ ਕੀਤਾ ਜਾ ਰਿਹਾ ਹੈ ਕਿ ਅਜਿਹੇ ਮਸਲੇ ਲਗਾਤਾਰ ਵਧਣ ਕਾਰਨ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਟਕਰਾਅ ਦੇ ਆਸਾਰ ਬਣਦੇ ਜਾ ਰਹੇ ਹਨ।