ਬੀਰਬਲ ਰਿਸ਼ੀ
ਸ਼ੇਰਪੁਰ, 4 ਨਵੰਬਰ
ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਤੇ ਬਲਾਕ ਸ਼ੇਰਪੁਰ ਨਾਲ ਸਬੰਧਤ ਪਿੰਡ ਘਨੌਰੀ ਕਲਾਂ ਦੀ ਇੱਕ ਗੂੰਗੀ, ਬੋਲੀ ਤੇ ਨਿਆਸਰਾ ਬਜ਼ੁਰਗ ਔਰਤ ਦੇ ਘਰ ਵਿੱਚ ਪਈ ਸਲਵਾੜ ਦੀ ਛੱਤ ਹੁਣ ਡਿੱਗਣੀ ਸ਼ੁਰੂ ਹੋ ਗਈ ਹੈ ਪਰ ਤਿੰਨ ਕੁ ਸਾਲ ਪਹਿਲਾਂ ਬੀਡੀਪੀਓ ਸ਼ੇਰਪੁਰ ਵੱਲੋਂ ਖੁਦ ਨਿਰੀਖਣ ਕਰ ਕੇ ਕੱਚੇ ਘਰਾਂ ਵਾਲੀ ਰਾਸ਼ੀ ਭੇਜੇ ਜਾਣ ਦੇ ਦਿੱਤੇ ਭਰੋਸੇ ਦੇ ਬਾਵਜੂਦ ਹਾਲੇ ਤੱਕ ਹਾਸਲ ਨਹੀਂ ਹੋਈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਘਨੌਰੀ ਕਲਾਂ ਦੀ ਸ਼ਿਮਲਾਵਤੀ (70) ਜੋ ਗੂੰਗੀ, ਬੋਲੀ ਹੈ ਜਿਸ ਦੇ ਪਤੀ ਦੀ ਕਈ ਵਰ੍ਹੇ ਪਹਿਲਾਂ ਮੌਤ ਹੋ ਚੁੱਕੀ ਹੈ ਜਦੋਂ ਕਿ ਉਸ ਦਾ ਆਪਣਾ ਕੋਈ ਬੱਚਾ ਨਹੀਂ ਹੈ। ਘਰ ਦੇ ਗੁਜ਼ਾਰੇ ਦਾ ਕੋਈ ਸਾਧਨ ਨਹੀਂ ਅਤੇ ਘਰ ਦਾ ਗੁਜ਼ਾਰਾ ਮਹੀਨਾਵਾਰ ਨਿਗੁਣੀ ਜਿਹੀ ਪੈਨਸ਼ਨ ਦੇ ਸਹਾਰੇ ਹੀ ਚੱਲਦਾ ਹੈ। ਮੀਂਹ ਵੇਲੇ ਘਰ ਦੀ ਢਹੀ ਛੱਤ ਵਿੱਚੋਂ ਘਰ ਅੰਦਰ ਪਾਣੀ ਭਰ ਜਾਂਦਾ ਹੈ। ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਤਕਰੀਬਨ ਤਿੰਨ ਕੁ ਸਾਲ ਪਹਿਲਾਂ ਉਸ ਦੇ ਘਰ ਤਤਕਾਲੀ ਬੀਡੀਪੀਓ ਨੇ ਇਸ ਪ੍ਰਤੀਨਿਧ ਦੀ ਹਾਜ਼ਰੀ ਵਿੱਚ ਇਸ ਦਾ ਕੱਚੇ ਘਰ ਦਾ ਕੇਸ ਤੁਰੰਤ ਬਣਾ ਕੇ ਭੇਜਣ ਦਾ ਜ਼ਿੰਮਾ ਲਿਆ ਸੀ ਪਰ ਹਾਲੇ ਤੱਕ ਉਸ ਦੇ ਘਰ ਨੂੰ ਸਰਕਾਰੀ ਰਾਸ਼ੀ ਦੀ ਉਡੀਕ ਹੈ।
ਚੂਲੇ ਦੇ ਹੋਏ ਅਪਰੇਸ਼ਨ ਮਗਰੋਂ ਵਾਕਰ ਦਾ ਸਹਾਰਾ ਲੈ ਕੇ ਤੁਰਦੀ ਸ਼ਿਮਲਾਵਤੀ ਗੂੰਗੀ ਹੋਣ ਕਾਰਨ ਕਿਸੇ ਨੂੰ ਚੰਗੀ ਤਰ੍ਹਾਂ ਆਪਣਾ ਦੁੱਖ ਦੱਸ ਵੀ ਨਹੀਂ ਸਕਦੀ। ਉਸ ਦੇ ਘਰ ਵਿੱਚ ਪਾਣੀ ਤੇ ਪਖਾਨੇ ਦੀ ਸਹੂਲਤ ਨਾ ਹੋਣ ਕਰ ਕੇ ਉਹ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਦੀ ਹੈ। ਪਿਛਲੀ ਸਰਕਾਰ ਵੇਲੇ ਲੱਗੇ ਸੰਗਤ ਦਰਸ਼ਨ ਵੀ ਇਸ ਨੂੰ ਰਾਹਤ ਨਹੀਂ ਦੇ ਸਕੇ। ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਪੂਰੇ ਮਾਮਲੇ ਵਿੱਚ ਕੁਤਾਹੀ ਦੀ ਨਿਰਪੱਖ ਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਪੀਐੱਮਏਵਾਈ ਯੋਜਨਾ ਦੀ ਵੇਟਿੰਗ ਲਿਸਟ ਵਿੱਚ ਨਾਮ ਹੋਣ ਦੀ ਸੰਭਾਵਨਾ: ਬੀਡੀਪੀਓ
ਬੀਡੀਪੀਓ ਸ਼ੇਰਪੁਰ ਜੁਗਰਾਜ ਸਿੰਘ ਗੁੰਮਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸੰਨ 2019 ਵਿੱਚ ਖਸਤਾ ਹਾਲ ਘਰਾਂ ਸਬੰਧੀ ਇੱਕ ਸਰਵੇਖਣ ਹੋਇਆ ਸੀ, ਜਿਸ ਦੀ ਵੇਟਿੰਗ ਲਿਸਟ ਹਾਲੇ ਚੱਲ ਰਹੀ ਹੈ। ਸ੍ਰੀ ਗੁੰਮਟੀ ਨੇ ਕਿਹਾ ਕਿ ਕੰਮਕਾਜ ਵਾਲੇ ਦਿਨ ਦਫ਼ਤਰ ਜਾ ਕੇ ਉਹ ਸੂਚੀ ਦੇਖਣਗੇ ਅਤੇ ਉਨ੍ਹਾਂ ਨੂੰ ਪੂਰੀ ਸੰਭਾਵਨਾ ਹੈ ਕਿ ਉਸ ਸੂਚੀ ਵਿੱਚ ਇਸ ਬਜ਼ੁਰਗ ਔਰਤ ਦਾ ਨਾਮ ਜ਼ਰੂਰ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਨਾਮ ਹੋਇਆ ਤਾਂ ਇਸ ਕੰਮ ਨੂੰ ਤਰਜੀਹੀ ਤੌਰ ‘ਤੇ ਲਿਆ ਜਾਵੇਗਾ।