ਖੇਤਰੀ ਪ੍ਰਤੀਨਿਧ
ਧੂਰੀ, 24 ਜੂਨ
ਸ਼ਹਿਰ ਦੇ ਸੰਗਤਪੁਰਾ ਮੁਹੱਲੇ ‘ਚ ਅੱਗ ਨਾਲ ਝੁਲਸੇ ਏਕਮਵੀਰ (12) ਦੇ ਇਲਾਜ ਲਈ ਮਜ਼ਦੂਰ ਪਰਿਵਾਰ ਸਿਰ ਬੈਂਕ ਦਾ ਕਰਜ਼ਾ ਚੜ੍ਹ ਗਿਆ ਸੀ ਤੇ ਬੈਂਕ ਉਸ ਦਾ ਘਰ ਕੁਰਕ ਕਰਨ ਦੀ ਤਿਆਰੀ ਵਿੱਚ ਸੀ। ਇਸ ਸਬੰਧੀ ਇਨ੍ਹਾਂ ਸਫ਼ਿਆਂ ‘ਤੇ ਲੱਗੀ ਖਬਰ ਤੋਂ ਬਾਅਦ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਸਖਤ ਨੋਟਿਸ ਲਿਆ। ਇਸ ਸਬੰਧੀ ਕਮਿਸ਼ਨ ਦੇ ਡਾਇਰੈਕਟਰ ਰਾਜਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਖਬਰ ਤੋਂ ਬਾਅਦ ਕਮਿਸ਼ਨ ਨੇ ਮੀਮੋ ਨੰਬਰ ਰਾਹੀਂ ਸੰਗਰੂਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਲਿਖਿਆ ਸੀ ਕਿ ਏਕਮਵੀਰ ਦਾ ਇਲਾਜ ਰੈੱਡ ਕਰਾਸ ਜਾਂ ਮੁੱਖ ਮੰਤਰੀ ਦੇ ਰਿਲੀਫ ਫੰਡ ਰਾਹੀਂ ਕਰਵਾਉਣ ਦੇ ਨਾਲ-ਨਾਲ ਮਕਾਨ ਨੂੰ ਕੁਰਕ ਕਰਨ ਤੋਂ ਰੋਕਿਆ ਜਾਵੇ ਤੇ ਬੈਂਕ ਨਾਲ ਸੈਟਲਮੈਂਟ ਕੀਤੀ ਜਾਵੇ। ਕਮਿਸ਼ਨ ਦੇ ਨੋਟਿਸ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਨੇ ਦੱਸਿਆ ਕਿ ਬੱਚੇ ਦੇ ਇਲਾਜ ਲਈ ਮੁੱਖ ਮੰਤਰੀ ਰਿਲੀਫ ਫੰਡ ‘ਚੋਂ ਇੱਕ ਲੱਖ ਰੁਪਏ ਨਕਦ ਤੇ ਬੈਂਕ ਦਾ ਕਰਜ਼ਾ ਜੋ 3 ਲੱਖ 71 ਹਜ਼ਾਰ 335 ਰੁਪਏ ਦੇ ਕਰੀਬ ਸੀ, ਮੋੜਿਆ ਜਾ ਚੁੱਕਾ ਹੈ ਤੇ ਭਵਿੱਖ ਵਿੱਚ ਬੱਚੇ ਦਾ ਇਲਾਜ ਜੁਵੇਨਾਈਲ ਜਸਟਿਸ ਫੰਡ ‘ਚੋਂ ਕਰਵਾਇਆ ਜਾਵੇਗਾ। ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ‘ਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਸ਼ਲਾਘਾ ਪੱਤਰ ਵੀ ਦਿੱਤਾ ਜਾਵੇਗਾ।