ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਜੂਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸ਼ੂਗਰਫੈੱਡ ਦੀ ਉੱਚ ਪੱਧਰੀ ਟੀਮ ਨੇ ਪੰਜਾਬ ਵਿਚ ਗੰਨਾ ਖੋਜ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਦੌਰਾ ਕੀਤਾ। ਸ਼ੂਗਰਫੈੱਡ, ਪੰਜਾਬ ਦੇ ਪ੍ਰਬੰਧਕੀ ਨਿਰਦੇਸ਼ਕ ਅਰਵਿੰਦਪਾਲ ਸਿੰਘ ਸੰਧੂ (ਆਈਏਐੱਸ) ਦੀ ਅਗਵਾਈ ਵਾਲੀ ਇਸ ਟੀਮ ਵਿਚ ਜੀਐੱਮ ਕੰਵਲਜੀਤ ਸਿੰਘ ਅਤੇ ਜੀਐੱਮ ਅਰਵਿੰਦਰਪਾਲ ਸਿੰਘ ਕੈਰੋਂ ਸ਼ਾਮਲ ਸਨ। ਇਸ ਟੀਮ ਨੇ ਯੂਨੀਵਰਸਿਟੀ ਵਲੋਂ ਗੰਨਾ ਖੋਜ ਅਤੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਸਮੇਤ ਯੂਨੀਵਰਸਿਟੀ ਗੰਨਾ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ।
ਸ੍ਰੀ ਸੰਧੂ ਨੇ ਦੱਸਿਆ ਕਿ ਸ਼ੂਗਰਫੈੱਡ ਮੌਜੂਦਾ ਸਮੇਂ ਕਾਰਜਸ਼ੀਲ ਨੌਂ ਸਹਿਕਾਰੀ ਖੰਡ ਮਿੱਲਾਂ ਦੀ ਸਰਵਉੱਚ ਸੰਸਥਾ ਹੈ, ਜੋ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਲਗਪਗ 1.80 ਲੱਖ ਕਿਸਾਨ ਪਰਿਵਾਰ ਰਾਜ ਦੀਆਂ ਖੰਡ ਮਿੱਲਾਂ ਨਾਲ ਜੁੜੇ ਹੋਏ ਹਨ ਅਤੇ ਸਾਡਾ ਮੰਤਵ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ, ਪ੍ਰਤੀ ਏਕੜ ਝਾੜ ਵਿਚ ਵਾਧਾ ਕਰਨਾ ਅਤੇ ਗੰਨਾ ਖੋਜ ਅਤੇ ਵਿਕਾਸ ਨੂੰ ਹੋਰ ਹੁਲਾਰਾ ਦੇਣਾ ਹੈ। ਉਨ੍ਹਾਂ ਨੇ ਉਦਯੋਗਾਂ ਅਤੇ ਕਿਸਾਨਾਂ ਦੀ ਭਲਾਈ ਲਈ ਵੱਧ ਸੁਕਰੋਜ਼ ਮਾਤਰਾ ਅਤੇ ਵੱਧ ਝਾੜ ਦੇਣ ਵਾਲੀਆਂ ਗੰਨੇ ਦੀਆਂ ਕਿਸਮਾਂ ਵਿਕਸਤ ਕਰਨ ਲਈ ਆਪਣੇ ਸੁਝਾਅ ਪੇਸ਼ ਕੀਤੇ। ਸ੍ਰੀ ਸੰਧੂ ਨੇ ਗੰਨੇ ਦੀ ਰਹਿੰਦ-ਖੂੰਹਦ ਤੋਂ ਤਿਆਰ ਹੋਣ ਵਾਲੀ ਈਥਾਨੋਲ ਬਾਰੇ ਵੀ ਦੱਸਿਆ, ਜਿਸ ਨਾਲ ਜੈਵਿਕ ਇੰਧਨ ‘ਤੇ ਨਿਰਭਰਤਾ ਘਟਦੀ ਹੈ।
ਡਾ. ਗੋਸਲ ਨੇ ਟਿਸ਼ੂ ਕਲਚਰ ਜਾਂ ਮਾਈਕ੍ਰੋ ਪ੍ਰੋਪੇਗੇਸ਼ਨ ‘ਤੇ ਜ਼ੋਰ ਦਿੱਤਾ ਤਾਂ ਜੋ ਰੋਗ ਰਹਿਤ ਬੀਜਾਂ ਦਾ ਤੇਜ਼ੀ ਨਾਲ ਉਤਪਾਦਨ ਹੋ ਸਕੇ ਅਤੇ ਉੱਤਮ ਕਿਸਮਾਂ ਦੀ ਜੈਨੇਟਿਕ ਪ੍ਰਤਿਸ਼ਠਾ ਬਣੀ ਰਹੇ। ਉਨ੍ਹਾਂ ਦੱਸਿਆ ਕਿ ਇਸ ਵਿਧੀ ਨਾਲ ਬਰੀਡਿੰਗ ਅਤੇ ਪ੍ਰੋਪੇਗੇਸ਼ਨ ਵਿਚ ਵਾਧਾ ਹੋਵੇਗਾ। ਉਨ੍ਹਾਂ ਨੇ ਗੰਨੇ ਦੀ ਮਿਆਦ ਵਿਚ ਵਾਧਾ ਕਰਨ ਲਈ ਬੋਤਲਾਂ ਦੇ ਨਾਲ ਨਾਲ ਟੈਟ੍ਰਾ ਡੱਬਾਬੰਦੀ ਦੇ ਵੀ ਸੁਝਾਅ ਦਿੱਤੇ। ਡਾ. ਢੱਟ ਨੇ ਗੰਨੇ ਦੀ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਹੀ ਬੀਜਣ ਲਈ ਕਿਹਾ। ਡਾ. ਗੁਲਜ਼ਾਰ ਸਿੰਘ ਸੰਘੇੜਾ ਨੇ ਗੰਨਾ ਕਾਸ਼ਤਕਾਰਾਂ ਅਤੇ ਖੰਡ ਮਿੱਲ ਕਰਮੀਆਂ ਨੂੰ ਕਿਸਮਾਂ ਦੀ ਚੋਣ ਕਰਨ, ਬਿਜਾਈ ਦੇ ਸੀਜ਼ਨਜ਼ ਅਤੇ ਬੂਟੇ/ਰੈਟੂਨ ਦੀਆਂ ਕਿਸਮਾਂ ਬਾਰੇ ਸਮੁੱਚੀ ਅਗਵਾਈ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੀਆਂ ਸੇਵਾਵਾਂ ਬਾਰੇ ਦੱਸਿਆ।