ਜੋਗਿੰਦਰ ਸਿੰਘ ਮਾਨ
ਮਾਨਸਾ, 4 ਨਵੰਬਰ
ਮਾਲਵਾ ਖੇਤਰ ਵਿੱਚ ਪਰਾਲੀ ਦੇ ਧੂੰਏ ਕਾਰਨ ਤਿੰਨ ਰਾਹਗੀਰ ਮੋਟਰਸਾਈਕਲ ਸਵਾਰ ਹਾਦਸੇ ਦਾ ਸ਼ਿਕਾਰ ਹੋਣ ਮਗਰੋਂ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਰਾਹਗੀਰਾਂ ਦਾ ਮੋਟਰਸਾਈਕਲ ਪਰਾਲੀ ਦੇ ਧੂੰਏਂ ਕਾਰਨ ਸੜਕ ‘ਤੇ ਜਾਂਦਾ ਹੋਇਆ ਰਾਹ ਨਾ ਦਿਖਣ ਕਾਰਨ ਖੇਤਾਂ ਵਿੱਚ ਦਾਖ਼ਲ ਹੋ ਗਿਆ ਅਤੇ ਅੱਗ ਦੀ ਲਪੇਟ ਵਿੱਚ ਆ ਕੇ ਸੜ ਕੇ ਸੁਆਹ ਹੋ ਗਿਆ। ਮੋਟਰਸਾਈਕਲ ਸਵਾਰਾਂ ਨੇ ਬੜੀ ਔਖੀ ਸਥਿਤੀ ਵਿੱਚ ਆਪਣੀ ਜਾਨ ਬਚਾਈ।
ਜਾਣਕਾਰੀ ਮੁਤਾਬਕ ਪਰਾਲੀ ਨਾਲ ਹੋਏ ਇਸ ਹਾਦਸੇ ਵਿੱਚ ਭੁਪਿੰਦਰ ਸਿੰਘ, ਹਰਮਨ ਸਿੰਘ ਅਤੇ ਸੁਖਪਾਲ ਸਿੰਘ ਵਾਸੀ ਪਿੰਡ ਖਾਰਾ-ਬਰਨਾਲਾ ਜ਼ਖ਼ਮੀ ਹੋ ਗਏ, ਜਿੰਨਾਂ ਦਾ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਹਸਪਤਾਲ ਦੇ ਡਿਊਟੀ ‘ਤੇ ਮੌਜੂਦ ਡਾਕਟਰ ਵੱਲੋਂ ਇਨ੍ਹਾਂ ਦੇ ਸ਼ਾਮ ਤੱਕ ਅਨਫਿੱਟ ਹੋਣ ਕਾਰਨ ਪੁਲੀਸ ਵੱਲੋਂ ਬਿਆਨ ਨਹੀਂ ਲਏ ਗਏ ਜਿਸ ਕਾਰਨ ਪੁਲੀਸ ਦੀ ਵਿਭਾਗੀ ਕਾਰਵਾਈ ਕੱਲ੍ਹ ਤਕ ਰੋਕ ਲਈ ਗਈ ਹੈ। ਉਂਝ ਪੁਲੀਸ ਨੇ ਆਪਣੀ ਪੜਤਾਲ ਆਰੰਭ ਦਿੱਤੀ ਹੈ। ਥਾਣਾ ਸਦਰ ਮਾਨਸਾ ਦੇ ਏਐਸਆਈ ਵਕੀਲ ਚੰਦ ਨੇ ਮਾਨਸਾ ਨੇੜਲੇ ਪਿੰਡ ਬਰਨਾਲਾ ਤੋਂ ਸ਼ਹਿਰ ਨੂੰ ਤਿੰਨ ਜਣੇ ਜਾ ਰਹੇ ਸਨ ਤਾਂ ਇਸ ਦੌਰਾਨ ਅੱਖਾਂ ‘ਚ ਧੂੰਆਂ ਪੈ ਗਿਆ ਤੇ ਰਾਹ ਨਾ ਦਿਖਣ ਕਾਰਨ ਸੜਕ ਤੋਂ ਦੋ ਫੁੱਟ ਹੇਠਾਂ ਖੇਤਾਂ ਵਿੱਚ ਡਿੱਗ ਪਏ। ਮੋਟਰਸਾਈਕਲ ਦੇ ਡਿੱਗਣ ਕਾਰਨ ਪੈਟਰੋਲ ਵਾਲੀ ਟੈਂਕੀ ਲੀਕ ਹੋ ਗਈ ਸਾਰਾ ਮੋਟਰਸਾਈਕਲ ਸੜ ਗਿਆ ਅਤੇ ਮੋਟਰਸਾਈਕਲ ਸਵਾਰਾਂ ਨੇ ਬਾਹਰ ਨਿਕਲ ਕੇ ਆਪਣੀ ਮਸਾਂ ਜਾਨ ਬਚਾਈ।
ਘਟਨਾ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਰਾਹਗੀਰਾਂ ਵੱਲੋਂ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।ਇਨ੍ਹਾਂ ਵਿਚੋਂ ਦੋ ਵਿਅਕਤੀਆਂ ਭੁਪਿੰਦਰ ਸਿੰਘ ਅਤੇ ਸੁਖਪਾਲ ਸਿੰਘ ਦੇ ਸਰੀਰ ਵਾਲੇ ਹਿੱਸੇ ਵੱਧ ਝੁਲਸੇ ਗਏ ਹਨ। ਇਹ ਦੋਨੋਂ ਜਣੇ ਸਕੇ ਭਰਾ ਹਨ ਅਤੇ ਪਿੰਡ ਬਰਨਾਲਾ ਦੇ ਰਹਿਣ ਵਾਲੇ ਹਨਤੇ ਤੀਜਾ ਜ਼ਖ਼ਮੀ ਭੁਪਿੰਦਰ ਸਿੰਘ ਹੈ। ਇਸੇ ਦੌਰਾਨ ਹੀ ਐਸੋਸੀਏਸ਼ਨ ਫਾਰ ਸਿਟੀਜ਼ਨ ਰਾਈਟਸ ਦੇ ਪ੍ਰਧਾਨ ਗੁਰਤੇਜ਼ ਸਿੰਘ ਜਗਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਘੱਟੋ-ਘੱਟ ਦਫ਼ਤਰਾਂ ਅਤੇ ਸਕੂਲਾਂ ਦੀ ਛੁੱਟੀ ਵੇਲੇ ਪਰਾਲੀ ਨੂੰ ਅੱਗ ਨਾ ਲਾਈ ਜਾਵੇ।