ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਨਵੰਬਰ
ਨਸ਼ੇ ਦੇ ਖ਼ਿਲਾਫ਼ ਪੁਲੀਸ ਨੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਅੱਜ ਇੱਕ ਮਾਮਲੇ ਵਿੱਚ ਸਖ਼ਤੀ ਵਰਤਦੇ ਹੋਏ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅੱਜ ਨਾਇਜੀਰਅਨ ਸਣੇ ਇੰਟਰਨੈਸ਼ਨਲ ਗਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਪੁਲੀਸ ਨੇ 360 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਕੁੱਝ ਦਿਨ ਪਹਿਲਾਂ ਕਿੱਲਾ ਮੁਹੱਲਾ ਵਾਸੀ ਪ੍ਰਿੰਸ ਸਿੱਧੂ ਨੂੰ ਨਸ਼ੇ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ। ਇਸ ਦੀ ਨਿਸ਼ਾਨਦੇਹੀ ‘ਤੇ ਪੰਜ ਮੁਲਜਮਾਂ ਨੂੰ ਦਿੱਲੀ, ਹਰਿਆਣਾ ਤੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ਵਿਚੱ ਕਿੱਲਾ ਮੁਹੱਲਾ ਵਾਸੀ ਪ੍ਰਿੰਸ ਸਿੱਧੂ, ਜ਼ੀਰਕਪੁਰ ਵਾਸੀ ਪਰਮਜੀਤ ਸਿੰਘ, ਮੁਹਾਲੀ ਵਾਸੀ ਕੁਲਵਿੰਦਰ ਸਿੰਘ ਉਰਫ਼ ਕਾਲਾ, ਨਵੀਂ ਦਿੱਲੀ ਵਾਸੀ ਇਬੁਕਾ ਪਰੋਸਪਕ, ਰੂਪਨਗਰ ਵਾਸੀ ਦਲਜੀਤ ਸਿੰਘ, ਮੋਰਿੰਡਾ ਦੇ ਰਹਿਣ ਵਾਲੇ ਰੋਹਿਤ ਕੁਮਾਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਪੁਲੀਸ ਕਮਿਸ਼ਨਰ ਡਾ. ਕੋਸਤੁਭ ਸ਼ਰਮਾ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਕੁੱਝ ਦਿਨ ਪਹਿਲਾਂ ਕਿੱਲਾ ਮੁਹੱਲਾ ਵਾਸੀ ਪ੍ਰਿੰਸ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪੁੱਛ ਗਿੱਛ ਦੌਰਾਨ ਪਤਾ ਲੱਗਿਆ ਸੀ ਕਿ ਮੁਲਜ਼ਮ ਪ੍ਰਿੰਸ ਮੁਲਜ਼ਮਾਂ ਦੇ ਨਾਲ ਮਿਲ ਕੇ ਨਸ਼ੇ ਦਾ ਕਾਰੋਬਾਰ ਚਲਾ ਰਿਹਾ ਹੈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਦੱਸਿਆ ਕਿ ਦਿੱਲੀ ਦਾ ਰਹਿਣ ਵਾਲਾ ਨਾਇਜੀਰੀਅਨ ਇਬੁਕਾ ਪ੍ਰੋਰਸਕ ਹੀ ਮੁਲਜ਼ਮਾਂ ਨੂੰ ਹੈਰੋਇਨ ਸਪਲਾਈ ਕਰਦਾ ਹੈ। ਇਸ ਤੋਂ ਬਾਅਦ ਬਾਕੀ ਮੁਲਜ਼ਮ ਉਸ ਨੂੰ ਅੱਗੇ ਸਪਲਾਈ ਕਰ ਦਿੰਦੇ ਸਨ। ਪੁਲੀਸ ਨੇ ਦੱਸਿਆ ਕਿ ਨਾਈਜੀਰੀਅਨ ਪਿਛਲੇ ਲੰਮੇ ਸਮੇਂ ਤੋਂ ਵੱਖ ਵੱਖ ਇਲਾਕਿਆਂ ਵਿੱਚ ਨਸ਼ਾ ਸਪਲਾਈ ਕਰਦਾ ਸੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ ਵਿੱਢੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ।
ਪੁਲੀਸ ਨੇ ਮੁਲਾਜ਼ਮਾਂ ਨੂੰ ਵੱਖ ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 360 ਗ੍ਰਾਮ ਹੈਰੋਇਨ, 14600 ਰੁਪਏ ਡਰੱਗ ਮਨੀ, ਐਕਟਿਵਾ, ਮੋਟਰਸਾਈਕਲ ਤੇ ਵਰਨਾ ਕਾਰ ਬਰਾਮਦ ਕੀਤੀ ਹੈ।