ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 4 ਨਵੰਬਰ
ਸੇਲ ਟੈਕਸ ਵਿਭਾਗ ਦੇ ਜੀਐਸਟੀ ਵਿੰਗ ਦੇ ਈਟੀਓ ਨੇ ਆਪਣੀ ਟੀਮ ਸਮੇਤ ਟੈਕਸ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਸ਼ਹਿਰ ਦੀ ਸਭ ਤੋਂ ਚਰਚਿਤ ਦੁਕਾਨ ਮਾਰੀਆ ਟੱਚ ਜਵੈਲਰੀ ‘ਤੇ ਮਾਰੇ ਛਾਪੇ ‘ਚ ਦੁਕਾਨ ‘ਤੇ ਪਿਆ ਲੈਪਟਾਪ ਜ਼ਬਤ ਕਰ ਲਿਆ।
ਜਾਣਕਾਰੀ ਅਨੁਸਾਰ ਦੁਕਾਨਦਾਰ ਵੱਲੋਂ ਗਾਹਕਾਂ ਤੋਂ ਪੂਰੇ ਪੈਸੇ ਲੈਣ ਦੇ ਬਾਵਜੂਦ ਕੋਈ ਬਿੱਲ ਵਗੈਰਾ ਨਹੀਂ ਦਿੱਤਾ ਜਾਂਦਾ ਸੀ ਅਤੇ ਟੈਕਸ ਦੀ ਵੱਡੇ ਪੱਧਰ ‘ਤੇ ਚੋਰੀ ਕੀਤੀ ਜਾ ਰਹੀ ਸੀ। ਗੁਰਦੁਆਰਾ ਗਲੀ ‘ਚ ਸਥਿਤ ਇਸ ਦੁਕਾਨ ਦਾ ਪਿਛਲੇ ਕਈ ਸਾਲਾਂ ਤੋਂ ਕਰੋੜਾਂ ਰੁਪਏ ਦਾ ਕਾਰੋਬਾਰ ਚੱਲ ਰਿਹਾ ਹੈ। ਈਟੀਓ ਮਨਦੀਪ ਸਿੰਘ ਚਹਿਲ ਨੇ ਛਾਪੇਮਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਗੁਪਤ ਸੂਚਨਾ ਮਿਲੀ ਸੀ ਕਿ ਦੁਕਾਨ ਦੀ ਵਿਕਰੀ ਕਾਫੀ ਹੋਣ ਦੇ ਬਾਵਜੂਦ ਦੁਕਾਨਦਾਰ ਕੋਈ ਬਿਲ ਵਗੈਰਾ ਗਾਹਕਾਂ ਨੂੰ ਨਹੀਂ ਦਿੰਦਾ ਸੀ ਅਤੇ ਨਾ ਹੀ ਕੋਈ ਟੈਕਸ ਨਹੀਂ ਭਰਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਦੁਕਾਨਦਾਰ ਦੇ ਕਬਜ਼ੇ ‘ਚ ਲਏ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਪੜਤਾਲ ਦੌਰਾਨ ਕੋਈ ਕੁਤਾਹੀ ਪਾਏ ਜਾਣ ‘ਤੇ ਸਖ਼ਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਇਸ ਸਬੰਧੀ ਦੁਕਾਨ ਮਾਲਕ ਨੇ ਕਿਹਾ ਕਿ ਉਹ ਪੂਰੀ ਤਰਾਂ ਸਹੀ ਕੰਮ ਕਰਦਾ ਹੈ। ਸੇਲ ਟੈਕਸ ਵਿਭਾਗ ਦੇ ਅਧਿਕਾਰੀ ਬੇਵਜਾ ਪ੍ਰੇਸ਼ਾਨ ਕਰ ਰਹੇ ਹਨ।