ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 27 ਜੂਨ
ਕੁਲਵੰਤ ਕੌਰ ਰਸੂਲਪੁਰ ਦੀ ਕਥਿਤ ਪੁਲੀਸ ਤਸ਼ੱਦਦ ਮਗਰੋਂ ਹੋਈ ਮੌਤ ਦੇ ਮਾਮਲੇ ‘ਚ ਇਨਸਾਫ਼ ਲੈਣ ਲਈ ਸਥਾਨਕ ਥਾਣਾ ਸਿਟੀ ਅੱਗੇ ਚੱਲਾ ਰਿਹਾ ਲਗਾਤਾਰ ਧਰਨਾ ਅੱਜ 460ਵੇਂ ਦਿਨ ‘ਚ ਦਾਖ਼ਲ ਹੋ ਗਿਆ। ਇਸ ਮੌਕੇ ਬੁਲਾਰਿਆਂ ਨੇ ਹਕਾਮ ਧਿਰ ‘ਤੇ ਗੰਭੀਰ ਮਾਮਲੇ ‘ਚ ਚੁੱਪ ਵੱਟ ਰੱਖਣ ‘ਤੇ ਸਵਾਲ ਚੁੱਕੇ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਕੁੱਲ ਹਿੰਦ ਕਿਸਾਨ ਸਭਾ ਦੇ ਨਿਰਮਲ ਸਿੰਘ ਧਾਲੀਵਾਲ, ਬਸਪਾ ਆਗੂ ਰਛਪਾਲ ਸਿੰਘ ਗਾਲਿਬ, ਕਿਰਤੀ ਕਿਸਾਨ ਯੂਨੀਅਨ ਆਗੂ ਤਰਲੋਚਨ ਸਿੰਘ ਝੋਰੜਾਂ ਨੇ ਕਿਹਾ ਕਿ ਇਹ ਨਾਇਨਸਾਫ਼ੀ ਦੀ ਹੱਦ ਹੈ ਕਿਉਂਕਿ ਲੱਗੇ ਧਰਨੇ ਨੂੰ ਇਕ ਸਾਲ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ ਹੈ ਪਰ ਨਾ ਸਰਕਾਰ ਅਤੇ ਨਾ ਪੁਲੀਸ ਪ੍ਰਸ਼ਾਸਨ ਨੇ ਸਾਰ ਲੈਣ ਦੀ ਕੋਸ਼ਿਸ਼ ਕੀਤੀ। ਸ਼ੁਰੂ ‘ਚ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਧਰਨੇ ‘ਚ ਸ਼ਮੂਲੀਅਤ ਕਰਕੇ ਕਾਰਵਾਈ ਦਾ ਭਰੋਸਾ ਦਿੱਤਾ ਸੀ, ਇਸ ਦੇ ਬਾਵਜੂਦ ਨਾ ਮੁੜ ਕੇ ਵਿਧਾਇਕਾ ਨੇ ਅਤੇ ਨਾ ਹੀ ਸਰਕਾਰ ਦੇ ਕਿਸੇ ਹੋਰ ਨੁਮਾਇੰਦੇ ਨੇ ਪੀੜਤ ਪਰਿਵਾਰ ਜਾਂ ਧਰਨਾਕਾਰੀਆਂ ਤੱਕ ਪਹੁੰਚ ਕੀਤੀ। ਉਨ੍ਹਾਂ ਕਿਹਾ ਕਿ ਕੁਲਵੰਤ ਕੌਰ ਦੇ ਨਕਾਰਾ ਹੋਣ ਤੋਂ ਸੋਲਾਂ ਸਾਲ ਮਗਰੋਂ ਦਮ ਤੋੜ ‘ਤੇ ਡੀਐੱਸਪੀ ਸਮੇਤ ਹੋਰਨਾਂ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਵੀ ਉਨ੍ਹਾਂ ਨੂੰ ਬਚਾਇਆ ਜਾ ਰਿਹਾ ਹੈ।