ਬੀਰਬਲ ਰਿਸ਼ੀ
ਸ਼ੇਰਪੁਰ, 28 ਜੂਨ
ਪਿੰਡ ਅਲਾਲ ਵਿੱਚ ਮੁਸਾਫਿਰ ਗੱਡੀਆਂ ਨਾ ਰੁਕਣ ਖ਼ਿਲਾਫ਼ ਰੇਲ ਪਟੜੀ ‘ਤੇ ਧਰਨਾ ਦਿੰਦੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਖ਼ਿਲਾਫ਼ ਕੇਸ ਦਰਜ ਹੋਣ ਦੀ ਕਨਸੋਅ ਮਿਲਦਿਆਂ ਹੀ ਕਿਸਾਨਾਂ ਨੇ 30 ਜੂਨ ਨੂੰ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਮਿਲਣ ਦਾ ਖੁਲਾਸਾ ਕੀਤਾ ਹੈ। ਜ਼ਿਕਰਯੋਗ ਹੈ ਕਿ ਕਰੋਨਾ ਕਾਲ ਦੌਰਾਨ ਪਿੰਡ ਅਲਾਲ ਵਿੱਚੋਂ ਲੰਘਦੀਆਂ ਮੁਸਾਫਿਰ ਰੇਲ ਗੱਡੀਆਂ ਇੱਥੇ ਸਟੇਸ਼ਨ ‘ਤੇ ਰੋਕਣੀਆਂ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਪਿਛਲੇ ਸਮੇਂ ਦੌਰਾਨ ਕਿਸਾਨਾਂ ਨੇ ਰੇਲ ਪਟੜੀ ‘ਤੇ ਧਰਨਾ ਦੇ ਕੇ ਬਿਨਾਂ ਸ਼ਰਤ ਇੱਥੇ ਗੱਡੀਆਂ ਰੋਕਣ ਦੀ ਮੰਗ ਉਠਾਈ ਸੀ, ਜਿਸ ਤਹਿਤ ਡੀਸੀ ਸੰਗਰੂਰ ਨੇ ਸਬੰਧਤ ਕਿਸਾਨਾਂ ਅਤੇ ਏਡੀਆਰਐੱਮ ਅੰਬਾਲਾ ਦੀ ਟੀਮ ਦਰਮਿਆਨ ਮੀਟਿੰਗ ਕਰਵਾਈ ਸੀ ਪਰ ਮਸਲਾ ਜਿਉਂ ਦਾ ਤਿਉਂ ਹੈ। ਬੀਕੇਯੂ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਬਾਬੂ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਦੀ ਗੈਰਮੌਜੂਦਗੀ ਵਿੱਚ ਉਸ ਦੇ ਘਰ ਰੇਲਵੇ ਫੋਰਸ ਦੇ ਮੁਲਾਜ਼ਮ ਆਏ ਸਨ ਅਤੇ ਪਰਚਾ ਦਰਜ ਕਰਨ ਦਾ ਦਾਅਵਾ ਕਰਦਿਆਂ ਬਰਨਾਲਾ ਬੁਲਾਇਆ ਸੀ ਪਰ ਉਹ ਨਹੀਂ ਗਏ।
ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਨੇ ਦੱਸਿਆ ਕਿ 30 ਨੂੰ ਉਹ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲਣਗੇ ਅਤੇ ਇਸ ਮਗਰੋਂ ਜਥੇਬੰਦੀ ਅਗਲੀ ਰੂਪ-ਰੇਖਾ ਉਲੀਕੇਗੀ। ਜੀਆਰਪੀ ਧੂਰੀ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਸਾਨਾਂ ਖ਼ਿਲਾਫ਼ ਪਰਚਿਆਂ ਸਬੰਧੀ ਆਰਪੀਐੱਫ ਬਰਨਾਲਾ ਨਾਲ ਸੰਪਰਕ ਕਰਨ ਲਈ ਕਿਹਾ, ਜਦੋਂ ਕਿ ਆਰਪੀਐੱਫ ਬਰਨਾਲਾ ਦੇ ਮੁਨਸ਼ੀ ਨੇ ਪਰਚਾ ਦਰਜ ਹੋਣ ਜਾਂ ਨਾ ਹੋਣ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।