ਐਨਪੀ ਧਵਨ
ਪਠਾਨਕੋਟ, 29 ਜੂਨ
ਪਿਛਲੇ ਮਹੀਨੇ 20 ਮਈ ਨੂੰ ਨਜ਼ਦੀਕ ਪੈਂਦੇ ਘੋਹ ਮੋੜ ‘ਤੇ ਇੱਕ ਦੁਕਾਨਦਾਰ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਚਣ ਲਈ ਫਰਾਰ ਹੋਏ 2 ਮੁਲਜ਼ਮਾਂ ਨੂੰ ਪਠਾਨਕੋਟ ਪੁਲੀਸ ਨੇ ਦੇਸ਼ ਦੇ 11 ਰਾਜਾਂ ਤੱਕ ਪਿੱਛਾ ਕਰਕੇ ਅਖੀਰ ਤਾਮਿਲਨਾਡੂ ਵਿੱਚੋਂ ਗ੍ਰਿਫਤਾਰ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕੁਸ਼ਲ ਸਿੰਘ ਉਰਫ ਕਾਲੂ ਵਾਸੀ ਸ਼ਾਹਪੁਰਕੰਡੀ ਅਤੇ ਵਿਸ਼ਾਲ ਸਿੰਘ ਵਾਸੀ ਪਿੰਡ ਕਾਹਨਪੁਰ, ਪਠਾਨਕੋਟ ਵੱਜੋਂ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਘੋਹ ਮੋੜ ‘ਤੇ ਸਥਿਤ ਇੱਕ ਦੁਕਾਨਦਾਰ ਦਵਿੰਦਰ ਸਿੰਘ ਉਰਫ ਸੋਨੂੰ ਦੀ ਨਸ਼ੇ ਵਿੱਚ ਧੁੱਤ ਹਮਲਾਵਰਾਂ ਨੇ ਮਾਮੂਲੀ ਝਗੜੇ ਵਿੱਚ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ।
ਉਨ੍ਹਾਂ ਦੱਸਿਆ ਕਿ ਐੱਸਪੀ (ਡੀ) ਮਨੋਜ ਕੁਮਾਰ ਦੀ ਅਗਵਾਈ ਵਿੱਚ ਡੀਐੱਸਪੀ ਧਾਰ ਕਲਾਂ, ਐੱਸਐੱਚਓ ਸ਼ਾਹਪੁਰਕੰਡੀ ਅਤੇ ਐਸਐਚਓ ਸੁਜਾਨਪੁਰ ਦੇ ਨਾਲ ਮਾਮਲੇ ਨੂੰ ਸੁਲਝਾਉਣ ਲਈ ਇੱਕ ਟੀਮ ਬਣਾਈ ਗਈ ਸੀ ਅਤੇ 3 ਮੁਲਜ਼ਮਾਂ ਨੂੰ ਹੱਤਿਆ ਦੇ ਅਗਲੇ ਦਿਨ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਜਦ ਕਿ 2 ਫਰਾਰ ਹੋ ਗਏ ਸਨ। ਮ੍ਰਿਤਕ ਦੀ ਪਤਨੀ ਸ਼ੀਤਲ ਦੇ ਬਿਆਨਾਂ ਬਾਅਦ, ਪੁਲੀਸ ਟੀਮ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਸੀਸੀਟੀਵੀ ਫੁਟੇਜ ਦੀ ਬਰੀਕੀ ਨਾਲ ਜਾਂਚ ਸ਼ੁਰੂ ਕੀਤੀ ਸੀ।
ਸੀਆਈਏ ਸਟਾਫ਼ ਦੇ ਏਐਸਆਈ ਕੁਲਦੀਪ ਸਿੰਘ ਦੀ ਟੀਮ ਨੇ ਤਕਨੀਕੀ ਸਾਧਨਾਂ ਦੀ ਸਹਾਇਤਾ ਲੈਂਦੇ ਹੋਏ ਪੰਜਾਬ, ਹਰਿਆਣਾ, ਨਵੀਂ ਦਿੱਲੀ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੜੀਸਾ, ਕੋਲਕਾਤਾ, ਆਂਧਰਾ ਪ੍ਰਦੇਸ਼ ਸਮੇਤ 11 ਰਾਜਾਂ ਦਾ ਸਫਰ ਕਰਕੇ ਅਤੇ ਅਖੀਰੀ ਸੰਜੀਵੀ ਨਗਰ, ਤਿਰੁਚਰਾਪੱਲੀ, ਤਾਮਿਲਨਾਡੂ ਵਿੱਚੋਂ ਦੋਹਾਂ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਲਿਆ।
ਜ਼ਿਲ੍ਹਾ ਪੁਲੀਸ ਮੁਖੀ ਨੇ ਅੱਗੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਤਾਮਿਲਨਾਡੂ ਵਿੱਚ ਟਰਾਂਜ਼ਿਟ ਰਿਮਾਂਡ ਦੀ ਕਾਰਵਾਈ ਮੁਕੰਮਲ ਕਰਨ ਬਾਅਦ ਪੁਲੀਸ ਰਿਮਾਂਡ ਲਈ ਪਠਾਨਕੋਟ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦਾ ਜਾਵੇਗਾ। ਇਨ੍ਹਾਂ ਸਾਰੇ ਮੁਲਜ਼ਮਾਂ ਖਿਲਾਫ ਥਾਣਾ ਸ਼ਾਹਪੁਰਕੰਡੀ ਵਿਖੇ ਹੱਤਿਆ ਦਾ ਮਾਮਲਾ ਦਰਜ ਹੈ।
ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਦੋ ਗ੍ਰਿਫਤਾਰ
ਪਠਾਨਕੋਟ: ਢਾਕੀ ਸਥਿਤ ਸ਼ਿਵ ਨਗਰ ਵਿੱਚ ਹੋਏ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਡਵੀਜ਼ਨ ਨੰਬਰ 2, ਪਠਾਨਕੋਟ ਵੱਲੋਂ 2 ਮੁਲਜ਼ਮਾਂ ਨੂੰ ਕਾਬੂ ਕਰਕੇ ਦੋਹਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। ਦੋਹਾਂ ਦੀ ਪਹਿਚਾਣ ਸੈਮ ਵਾਸੀ ਮੁਹੱਲਾ ਸੁੰਦਰਨਗਰ ਅਤੇ ਭਾਨੂੰ ਪ੍ਰਤਾਪ ਵਾਸੀ ਭੜੋਲੀ ਕਲਾਂ ਵੱਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਏਐਸਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਇੰਨ੍ਹਾਂ ਕੋਲੋਂ ਚੋਰੀ ਕੀਤਾ ਗਿਆ ਮੋਟਰਸਾਈਕਲ ਵੀ ਬਰਾਮਦ ਹੋ ਗਿਆ ਹੈ। ਪੁੱਛਗਿੱਛ ਵਿੱਚ ਇਹ ਸਾਹਮਣੇ ਆਇਆ ਕਿ ਇੰਨ੍ਹਾਂ ਦੋਹਾਂ ਨੌਜਵਾਨਾਂ ਨੇ ਢਾਕੀ ਰੋਡ ਸਥਿਤ ਮੁਹੱਲਾ ਸ਼ਿਵ ਨਗਰ ਵਿੱਚ ਇੱਕ ਘਰ ਦੇ ਬਾਹਰ ਤੋਂ ਮੋਟਰਸਾਈਕਲ ਚੋਰੀ ਕੀਤਾ ਸੀ।