ਖੇਤਰੀ ਪ੍ਰਤੀਨਿਧ
ਬਟਾਲਾ, 4 ਨਵੰਬਰ
ਪੰਜਾਬੀ ਮਾਹ ਦੀ ਕੜੀ ਤਹਿਤ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਦੀ ਅਗਵਾਈ ਵਿੱਚ ਸਥਾਨਕ ਆਰਆਰ ਬਾਵਾ ਡੀਏਵੀ ਕਾਲਜ ਫਾਰ ਵਿਮੈੱਨ ਵਿੱਚ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਪਰਵਾਸੀ ਪੰਜਾਬੀ ਸਹਿਤਕਾਰ ਧਰਮ ਸਿੰਘ ਗੁਰਾਇਆ ਨਾਲ ਵਿਸ਼ੇਸ਼ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸਿਵਲ ਜੱਜ ਹਰਜਿੰਦਰ ਸਿੰਘ ਬਟਾਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂਕਿ ਜੇਲ੍ਹ ਸੁਪਰਡੈਂਟ ਰਾਜਿੰਦਰ ਸਿੰਘ ਹੁੰਦਲ ਅਤੇ ਚੇਅਰਮੈਨ ਚਰਨਜੀਤ ਸਿੰਘ ਪਾਰੋਵਾਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਸਮਾਰੋਹ ਦੀ ਪ੍ਰਧਾਨਗੀ ਵਾਈਸ ਪ੍ਰਿੰਸੀਪਲ ਡਾ. ਮਿਨਾਕਸ਼ੀ ਸ਼ਰਮਾ ਵੱਲੋਂ ਕੀਤੀ ਗਈ। ਸਰਵੋਤਮ ਪੁਸਤਕਾਂ ਦੇ ਖਿਤਾਬ ਜੇਤੂ ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ ਵੱਲੋਂ ਪਰਵਾਸੀ ਪੰਜਾਬੀ ਸਾਹਿਤਕਾਰ ਗੁਰਾਇਆ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ। ਰੂ-ਬ-ਰੂ ਲੇਖਕ ਧਰਮ ਸਿੰਘ ਗੁਰਾਇਆ, ਮੁੱਖ ਮਹਿਮਾਨ ਸਿਵਲ ਜੱਜ ਹਰਜਿੰਦਰ ਸਿੰਘ ਅਤੇ ਵਿਸ਼ੇਸ਼ ਮਹਿਮਾਨ ਰਾਜਿੰਦਰ ਸਿੰਘ ਹੁੰਦਲ ਨੇ ਹਾਜ਼ਰੀਨਾਂ ਨੂੰ ਪੰਜਾਬੀ ਮਾਂ-ਬੋਲੀ ਦੀ ਮਹਾਨਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੁਨੀਆ ਦੀ ਕਿਸੇ ਵੀ ਭਾਸ਼ਾ ਨਾਲੋਂ ਘੱਟ ਨਹੀਂ ਹੈ। ਇਸ ਮੌਕੇ ਡਾ. ਮੁੱਖ ਮਹਿਮਾਨ ਪਰਮਜੀਤ ਸਿੰਘ ਕਲਸੀ ਨੇ ਵਿਸ਼ੇਸ਼ ਮਹਿਮਾਨਾਂ ਤੇ ਸਾਹਿਤਕਾਰਾਂ ਦਾ ਲੋਈ, ਪੁਸਤਕਾਂ ਦੇ ਸੈੱਟ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨ ਕੀਤਾ। ਇਸ ਮੌਕੇ ਰਜਿੰਦਰਪਾਲ ਕੌਰ ਸਟੇਟ ਐਵਾਰਡੀ, ਰਾਜ ਪੁਰਸਕਾਰ ਵਿਜੇਤਾ ਸ਼ਾਇਰ ਗੁਰਮੀਤ ਸਿੰਘ ਬਾਜਵਾ, ਵਿਜੇ ਅਗਨੀਹੋਤਰੀ, ਅਜੀਤ ਕਮਲ, ਸ਼ਾਇਰ ਸੁਲਤਾਨ ਭਾਰਤੀ, ਸ਼ਾਇਰ ਜਾਨੂੰ, ‘ਸੂਹੀ ਸਵੇਰ’ ਦੇ ਮੁੱਖ ਸੰਪਾਦਕ ਗੁਰਚਰਨ ਗਾਂਧੀ, ਹਰਪ੍ਰੀਤ ਕੌਰ ਬਾਬਾ ਬਕਾਲਾ ਆਦਿ ਨਾਮੀ ਹਸਤੀਆਂ ਹਾਜ਼ਰ ਸਨ।
ਪੰਜਾਬੀ ਸਪਤਾਹ ਸਮਾਗਮ ਸਮਾਪਤ
ਅੰਮ੍ਰਿਤਸਰ (ਪੱਤਰ ਪ੍ਰੇਰਕ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਪੰਜਾਬੀ ਸਪਤਾਹ ਦੇ ਆਖਰੀ ਦਿਨ ਕਰਵਾਏ ਗਏ ਕਵੀ ਦਰਬਾਰ ਦੌਰਾਨ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਕਿਹਾ ਕਿ ਜ਼ਿੰਦਗੀ ਦੇ ਤਜਰਬੇ ਸ਼ਬਦਾਂ ਵਿੱਚ ਢਾਲ ਕੇ ਕਵਿਤਾ ਰਾਹੀਂ ਪੇਸ਼ ਹੁੰਦੇ ਹਨ। ਕਵੀ ਦਰਬਾਰ ਦੀ ਪ੍ਰਧਾਨਗੀ ਕਵਿੱਤਰੀ ਅਰਤਿੰਦਰ ਸੰਧੂ ਨੇ ਕੀਤੀ। ਬਖ਼ਤਾਵਰ ਸਿੰਘ ਨੇ ਇਸ ਮੌਕੇ ਸੂਫ਼ੀਆਨਾ ਰੰਗਤ ਵਾਲੀਆਂ ਕਵਿਤਾਵਾਂ ਪੇਸ਼ ਕੀਤੀਆਂ। ਅਰਤਿੰਦਰ ਸੰਧੂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਿਭਾਗ ਨੂੰ ਅਜਿਹੇ ਸਮਾਗਮ ਉਲੀਕਣ ਲਈ ਮੁਬਾਰਕਬਾਦ ਦਿੱਤੀ। ਇਸ ਮੁਸ਼ਾਇਰੇ ਵਿੱਚ ਨਾਮਵਰ ਸ਼ਾਇਰ ਡਾ. ਮੋਹਨ ਲਾਲ, ਜਗਤਾਰ ਗਿੱਲ, ਸੁਰਿੰਦਰ ਮਕਸੂਦਪੁਰੀ, ਜਸਵੰਤ ਧਾਪ, ਬਲਜਿੰਦਰ ਮਾਂਗਟ, ਹਰਮੀਤ ਆਰਟਿਸਟ ਤੇ ਕਮਲਪ੍ਰੀਤ ਆਦਿ ਹਾਜ਼ਰ ਸਨ।