ਮੇਜਰ ਸਿੰਘ ਮਟਰਾਂ
ਭਵਾਨੀਗੜ੍ਹ, 25 ਜੂਨ
ਇੱਥੋਂ ਨੇੜਲੇ ਪਿੰਡ ਭੱਟੀਵਾਲ ਕਲਾਂ ਵਿੱਚ ਇਕੋ ਪਰਿਵਾਰ ਦੀਆਂ ਦੋ ਧਿਰਾਂ ਵਿਚਕਾਰ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਲੜਾਈ ਵਿੱਚ ਪਿਓ-ਪੁੱਤਰ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪੀੜਤ ਪਰਿਵਾਰ ਨੇ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ‘ਤੇ ਰੋਸ ਜ਼ਾਹਿਰ ਕੀਤਾ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਚਚੇਰੇ ਭਰਾ ਪ੍ਰਦੀਪ ਸਿੰਘ ਸਣੇ ਦਾਦੇ ਅਨੁਸਾਰ ਤਿਆਰ ਕੀਤੀ ਵਸੀਅਤ ਵਾਲੀ ਜ਼ਮੀਨ ਵਿਚ ਝੋਨਾ ਲਗਾਉਣ ਲਈ ਖੇਤ ਵਾਹ ਰਹੇ ਸਨ। ਇਸੇ ਦੌਰਾਨ ਦੇਰ ਸ਼ਾਮ ਉਸ ਦੇ ਤਾਏ ਦੇ ਲੜਕੇ ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਪੋਤਰੇ ਜਸਕਰਨ ਸਿੰਘ ਸਣੇ 20-25 ਅਣਪਛਾਤਿਆਂ ਨੇ ਪ੍ਰਦੀਪ ਸਿੰਘ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਦੋਂ ਪ੍ਰਦੀਪ ਸਿੰਘ ਦਾ ਪਿਤਾ ਪਰਮਜੀਤ ਸਿੰਘ ਹਮਲਾਵਰਾਂ ਕੋਲੋਂ ਉਸ ਨੂੰ ਛੁਡਾਉਣ ਲੱਗਿਆਂ ਤਾਂ ਉਸ ਉਪਰ ਵੀ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਦੋਵੇਂ ਪਿਓ-ਪੁੱਤਰਾਂ ਨੂੰ ਜਾਨੋਂ ਮਾਰਨ ਦੀ ਮਨਸ਼ਾ ਨਾਲ ਕੁੱਟਮਾਰ ਕੀਤੀ ਹੈ। ਇਸੇ ਦੌਰਾਨ ਹਸਪਤਾਲ ਵਿਚ ਦਾਖਲ ਜ਼ਖਮੀ ਨੌਜਵਾਨ ਪ੍ਰਦੀਪ ਸਿੰਘ ਦੀ ਭੈਣ ਪ੍ਰਿਤਪਾਲ ਕੌਰ ਅਤੇ ਮਾਤਾ ਗੁਰਮੀਤ ਕੌਰ ਨੇ ਦੋਸ਼ ਲਗਾਇਆ ਕਿ ਭਵਾਨੀਗੜ੍ਹ ਥਾਣੇ ਵਿਚ ਸ਼ਿਕਾਇਤ ਕਰਨ ਦੇ ਬਾਵਜੂਦ ਪੁਲੀਸ ਹਮਲਾਵਰਾਂ ਖ਼ਿਲਾਫ਼ ਬਣਦੀ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਮੰਗ ਕੀਤੀ ਕਿ ਸਾਰੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਕੇ ਸਾਨੂੰ ਇਨਸਾਫ ਦਿਵਾਇਆ ਜਾਵੇ। ਉਨ੍ਹਾਂ ਉਗਰਾਹਾਂ ਕਿਸਾਨ ਜਥੇਬੰਦੀ ‘ਤੇ ਵੀ ਹਮਲਾਵਰਾਂ ਦੀ ਹਮਾਇਤ ਕਰਨ ਦਾ ਦੋਸ਼ ਲਗਾਇਆ।
ਦੂਜੇ ਪਾਸੇ ਥਾਣਾ ਮੁਖੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਪਰਮਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਧਾਰਾ ਇਰਾਦਾ ਕਤਲ ਤਹਿਤ ਪਰਚਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਿਸਾਨ ਆਗੂ ਗੁਰਚੇਤ ਸਿੰਘ ਭੱਟੀਵਾਲ ਕਲਾਂ ਨੇ ਦੱਸਿਆ ਕਿ ਆਪਸੀ ਪਰਿਵਾਰਕ ਝਗੜੇ ਵਿਚ ਕਿਸਾਨ ਯੂਨੀਅਨ ਦਾ ਕੋਈ ਰੋਲ ਨਹੀਂ ਹੈ।