ਪੱਤਰ ਪ੍ਰੇਰਕ
ਸ਼ੇਰਪੁਰ, 4 ਨਵੰਬਰ
ਮਾਰਕੀਟ ਕਮੇਟੀ ਸ਼ੇਰਪੁਰ ਅਧੀਨ ਚੱਲਦੇ ਮੂਲੋਵਾਲ ਦੇ ਖ਼ਰੀਦ ਕੇਂਦਰ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਸਹੂਲਤ ਲਈ ਬਣਾਏ ਪਖਾਨਿਆਂ ਦੀ ਤਰਸਯੋਗ ਹਾਲਤ ਤੋਂ ਮਜਬੂਰ ਮੰਡੀ ਦੇ ਬਹੁਗਿਣਤੀ ਮਜ਼ਦੂਰ ਆਲੇ-ਦੁਆਲੇ ਦੇ ਖੇਤਾਂ ‘ਚ ਸ਼ੌਚ ਕਰਨ ਲਈ ਮਜਬੂਰ ਹਨ। ਦੂਜੇ ਪਾਸੇ ਕਣਕ ਫਸਲ ਬੀਜਣ ਦੀ ਤਿਆਰੀ ਵਿੱਚ ਜੁਟੇ ਕਿਸਾਨਾਂ ਨੂੰ ਖੇਤਾਂ ਵਿੱਚ ਪਈ ਗੰਦਗੀ ਕਾਰਨ ਫਸਲ ਦੀ ਬਿਜਾਈ ਲਈ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਕਿਸਾਨ ਬਲਵਿੰਦਰ ਸਿੰਘ ਅਲਾਲ ਨੇ ਦੱਸਿਆ ਕਿ ਅੱਧੀ ਦਰਜਨ ਤੋਂ ਵੱਧ ਆੜ੍ਹਤੀਆਂ ਵਾਲੇ ਮੂਲੋਵਾਲ ਖ਼ਰੀਦ ਕੇਂਦਰ ਵਿੱਚ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਮਜ਼ਦੂਰੀ ਕਰਨ ਆਏ ਤਕਰੀਬਨ 200 ਮਜ਼ਦੂਰ, ਘੱਟੋ-ਘੱਟ ਇੱਕ ਸੌ ਕਿਸਾਨਾਂ ਲਈ ਮਹਿਜ਼ ਦੋ ਪਥਾਨਿਆਂ ਦਾ ਪ੍ਰਬੰਧ ਹੈ, ਜਿਸ ਦੇ ਨੇੜੇ ਪਾਣੀ ਦਾ ਕੋਈ ਪ੍ਰਬੰਧ ਨਹੀਂ। ਇਸ ਸਬੰਧੀ ਡਿਪਟੀ ਡੀਐੱਮਓ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਸਲੇ ਦੀ ਉਹ ਤੁਰੰਤ ਰਿਪੋਰਟ ਤਲਬ ਕਰਕੇ ਸਮੱਸਿਆ ਦਾ ਤੁਰੰਤ ਹੱਲ ਕਰਵਾ ਦੇਣਗੇ।