ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮੌਲੀ ਜੱਗਰਾਂ ਵਿੱਚ ਇੱਕ ਘਰ ਵਿੱਚੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਗਈ ਹੈ, ਜਿਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਮੌਲੀ ਜੱਗਰਾਂ ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਇਹ ਕੇਸ ਕਯਾਮੂਦੀਨ ਵਾਸੀ ਮੌਲੀ ਜੱਗਰਾਂ ਦੀ ਸ਼ਿਕਾਇਤ ‘ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਕੋਈ ਉਸ ਦੇ ਘਰ ਵਿੱਚੋਂ ਢਾਈ ਲੱਖ ਰੁਪਏ ਦੀ ਨਕਦੀ ਅਤੇ ਦੋ ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਿਆ ਹੈ। ਥਾਣਾ ਮੌਲੀ ਜੱਗਰਾਂ ਦੀ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਅਲਮਾਰੀਆਂ ਦੇ ਜਿੰਦਰੇ ਠੀਕ ਕਰਨ ਆਏ ਵਿਅਕਤੀਆਂ ਵੱਲੋਂ ਚੋਰੀ
ਚੰਡੀਗੜ੍ਹ (ਟਨਸ): ਇੱਥੋਂ ਦੇ ਸੈਕਟਰ-33 ਵਿੱਚ ਜਿੰਦਰੇ ਠੀਕ ਕਰਨ ਵਾਲੇ ਦੋ ਵਿਅਕਤੀਆਂ ਵੱਲੋਂ ਇਕ ਘਰ ਵਿੱਚ ਚੋਰੀ ਕਰਨ ਦੇ ਮਾਮਲੇ ਵਿੱਚ ਥਾਣਾ ਸੈਕਟਰ-34 ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਇਹ ਕੇਸ ਸੈਕਟਰ-33 ਦੀ ਵਸਨੀਕ ਇਕ ਔਰਤ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਦੇ ਘਰ ਵਿੱਚ ਅਲਮਾਰੀਆਂ ਦੇ ਤਾਲੇ ਖਰਾਬ ਸਨ, ਜਿਨ੍ਹਾਂ ਨੂੰ ਠੀਕ ਕਰਨ ਲਈ ਦੋ ਜਣਿਆਂ ਨੂੰ ਬੁਲਾਇਆ ਗਿਆ ਸੀ। ਦੋਵੇਂ ਵਿਅਕਤੀ ਵੱਖ-ਵੱਖ ਕਮਰਿਆਂ ਦੀ ਅਲਮਾਰੀਆਂ ਦੇ ਜਿੰਦਰੇ ਠੀਕ ਕਰਕੇ ਚਲੇ ਗਏ। ਉਸ ਤੋਂ ਬਾਅਦ ਘਰ ਦੀ ਚੈਕਿੰਗ ਕਰਨ ‘ਤੇ ਪਤਾ ਲੱਗਾ ਕਿ ਉਕਤ ਵਿਅਕਤੀ ਦੋ ਸੋਨੇ ਦੀਆਂ ਚੁੂੜੀਆਂ, ਇਕ ਹੀਰੇ ਦਾ ਸੈੱਟ, ਸੋਨੇ ਦੀ ਚੇਨ, 3 ਸੋਨੇ ਦੀਆਂ ਮੁੰਦਰੀਆਂ, 2 ਚਾਂਦੀ ਦੀਆਂ ਮੁੰਦਰੀਆਂ ਅਤੇ ਹੋਰ ਵੀ ਗਹਿਣੇ ਚੋਰੀ ਹੋ ਗਏ ਹਨ।