ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 4 ਨਵੰਬਰ
ਹਲਕਾ ਜੰਡਿਆਲਾ ਗੁਰੂ ਦੇ ਪਿੰਡ ਵਡਾਲੀ ਡੋਗਰਾ ਅਤੇ ਤਲਵੰਡੀ ਡੋਗਰਾ ਦੀਆਂ ਫਿਰਨੀਆਂ ਨੂੰ ਨਵੇਂ ਸਿਰਿਓਂ ਬਣਾਉਣ ਦੇ ਕੰਮਾਂ ਦਾ ਉਦਘਾਟਨ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੰਡਿਆਲਾ ਗੁਰੂ ਹਲਕੇ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਸ ਲਈ ਪਿੰਡਾਂ ਨੂੰ ਜਾਂਦੀਆਂ ਸਾਰੀਆਂ ਸੰਪਰਕ ਸੜਕਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਇਸ ਤਹਿਤ ਕਈ ਸੜਕਾਂ ਚੌੜੀਆਂ ਹੋ ਜਾਣਗੀਆਂ ਅਤੇ ਇਲਾਕੇ ਦੇ ਲੋਕਾਂ ਨੂੰ ਇਸਦਾ ਕਾਫ਼ੀ ਫਾਇਦਾ ਹੋਵੇਗਾ। ਉਨਾਂ ਕਿਹਾ ਕਿ ਵਡਾਲੀ ਡੋਗਰਾ ਦੀ ਫਿਰਨੀ ਜਿਸ ਦੀ ਲੰਬਾਈ 0.53 ਕਿਲੋਮੀਟਰ ਹੈ ‘ਤੇ 13.65 ਲੱਖ ਰੁਪਏ ਅਤੇ ਤਲਵੰਡੀ ਡੋਗਰਾ ਦੀ ਫਿਰਨੀ ਜਿਸਦੀ ਲੰਬਾਈ 0.72 ਕਿਲੋਮੀਟਰ ਹੈ। ਇਸ ਨੂੰ 18.54 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਸ ਮੌਕੇ ਈਟੀਓ ਨੇ ਕਿਹਾ ਕਿ ਜੰਡਿਆਲਾ ਹਲਕਾ ਕਈ ਰਾਸ਼ਟਰੀ ਮਾਰਗਾਂ ਨਾਲ ਜੁੜਿਆ ਹੈ ਤੇ ਛੇਤੀ ਹੀ ਇਥੋਂ ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਬਣ ਜਾਵੇਗਾ, ਜਿਸ ਲਈ ਜ਼ਮੀਨ ਐਕੁਆਇਰ ਕਰਨ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕਾਂ ਕਿਸੇ ਵੀ ਇਲਾਕੇ ਦੀ ਬਿਹਤਰੀ ਅਤੇ ਵਿਕਾਸ ਲਈ ਮੁੱਢਲੀ ਲੋੜ ਹਨ ਜਿਸ ਨੂੰ ਸਮਝਦੇ ਹੋਏ ਸਰਕਾਰ ਵੱਲੋਂ ਇਹ ਕੰਮ ਪ੍ਰਮੁੱਖਤਾ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਦੀ ਤਰੱਕੀ ਉਥੋਂ ਦੇ ਸੜਕਾਂ ਦੇ ਜਾਲ ਨੂੰ ਦੇਖ ਕੇ ਲਗਾਈ ਜਾ ਸਕਦੀ ਹੈ ਤੇ ਜਿੰਨਾ ਵਧੀਆ ਸੜਕਾਂ ਦਾ ਜਾਲ ਹੋਵੇਗਾ, ਉਨੇ ਹੀ ਉਦਯੋਗਪਤੀ ਵਪਾਰੀ ਸੂਬੇ ਵੱਲ ਆਕਰਸ਼ਿਤ ਹੋਣਗੇ ਤੇ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲਦਾ ਹੈ। ਇਸ ਮੌਕੇ ਐੰਸਡੀਐੱਮ ਮੰਡੀ ਬੋਰਡ ਰਾਵੇਲ ਸਿੰਘ, ਮੇਜਰ ਸਿੰਘ, ਨਰਿੰਦਰ ਸਿੰਘ ਚੰਨਣ ਕੇ, ਸਤਿੰਦਰ ਸਿੰਘ, ਸਾਬਕਾ ਸਰਪੰਚ ਲਾਡੀ ਵੀ ਹਾਜ਼ਰ ਸਨ।