ਖੇਤਰੀ ਪ੍ਰਤੀਨਿਧ
ਪਟਿਆਲਾ, 4 ਨਵੰਬਰ
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਚੈਕਿੰਗ ਦੀ ਮੁੜ ਵਿੱਢੀ ਗਈ ਮੁਹਿੰਮ ਤਹਿਤ ਅੱਜ ਸਥਾਨਕ ਸ਼ਹਿਰ ਵਿਚਲੇ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ ਦਾ ਅਚਾਨਕ ਦੌਰਾ ਕੀਤਾ। ਇਸ ਦੌਰਾਨ ਉਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਆਉਣ ਤੋਂ ਵੀ ਪਹਿਲਾਂ ਹਸਪਤਾਲ ਪੁੱਜ ਗਏ ਅਤੇ ਉਨ੍ਹਾਂ ਹਾਜ਼ਰੀ ਰਜਿਸਟਰ ਵੀ ਚੈੱਕ ਕੀਤਾ। ਉਨ੍ਹਾਂ ਹਸਪਤਾਲ ਦੇ ਐਮਰਜੈਂਸੀ, ਗਾਇਨੀ ਤੇ ਬੱਚਿਆਂ ਦੇ ਵਾਰਡ ‘ਚ ਪੰਹੁਚ ਕੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।
ਮੰਤਰੀ ਦਾ ਕਹਿਣਾ ਸੀ ਕਿ ਭਾਵੇਂ ਕਿ ਹਰੇਕ ਵਿਭਾਗ ਅਹਿਮ ਹੈ, ਪਰ ਫਿਰ ਵੀ ਸਿਹਤ ਵਿਭਾਗ ਦੀ ਮਨੁੱਖੀ ਜੀਵਨ ‘ਚ ਵੱਖਰੀ ਹੋਂਦ ਹੈ, ਜਿਸ ਕਰ ਕੇ ਸਰਕਾਰ ਵੱਲੋਂ ਸਿਹਤ ਵਿਭਾਗ ਨੂੰ ਵਧੇਰੇ ਤਰਜੀਹ ਤੌਰ ‘ਤੇ ਲਿਆ ਜਾ ਰਿਹਾ ਹੈ। ਸਰਕਾਰ ਸਿਹਤ ਵਿਭਾਗ ਨੂੰ ਹਰ ਪੱਖ ਤੋਂ ਚੁਸਤ-ਦਰੁਸਤ ਬਣਾਉਣ ਲਈ ਵਚਨਬੱਧ ਹੈ ਕਿਉਂਕਿ ਕਿਸੇ ਵੀ ਕਾਰਜ ਲਈ ਮਨੁੱਖ ਦਾ ਸਿਹਤ ਪੱਖੋਂ ਤੰਦਰੁਸਤ ਹੋਣਾ ਅਤਿ ਜ਼ਰੂਰੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੀਆਂ ਸਰਕਾਰਾਂ ਦੀਆਂ ਅਣਗਹਿਲੀਆਂ, ਮਾੜੀਆਂ ਅਤੇ ਹੇਠਲੇ ਪੱਧਰ ਦੀਆਂ ਨੀਤੀਆਂ ਦਾ ਹੀ ਸਿੱਟਾ ਹੈ ਕਿ ‘ਆਪ’ ਸਰਕਾਰ ਨੂੰ ਸਿਹਤ ਵਿਭਾਗ ਵਿੱਚ ਸੁਧਾਰ ਲਿਆਉਣ ‘ਚ ਸਮਾਂ ਲੱਗ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਵਿਭਾਗ ਨੂੰ ਪੂਰੀ ਤਰ੍ਹਾਂ ਸੁਚੱਜਾ ਅਤੇ ਸੁਚਾਰੂ ਬਣਾਉਣ ਲਈ ਪੁਰਾਣੀਆਂ ਸਰਕਾਰਾਂ ਵੱਲੋਂ ਘਾਟਾਂ ਦੀ ਦਿੱਤੀ ਗਈ ਸੂਚੀ ਲੰਬੀ ਹੈ, ਜਿਸ ਕਰਕੇ ਸਾਰਥਕ ਸੁਧਾਰਾਂ ਲਈ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਹਰੇਕ ਹਸਪਤਾਲ ਵਿੱਚ ਸਾਰੇ ਜ਼ਰੂਰੀ ਲੋੜੀਂਦੇ ਸਾਧਨਾਂ ਦੀ ਸੁਵਿਧਾ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਸੰਦੀਪ ਕੌਰ ਨਾਲ ਗੱਲਬਾਤ ਦੌਰਾਨ ਮੰਤਰੀ ਨੇ ਇਸ ਹਸਪਤਾਲ ਨੂੰ ਲੋੜੀਂਦੇ ਸਾਧਨਾਂ ਬਾਰੇ ਜਾਣਕਾਰੀ ਹਾਸਲ ਕੀਤੀ।