ਨਿੱਜੀ ਪੱਤਰ ਪ੍ਰੇਰਕ
ਦੇਵੀਗੜ੍ਹ, 28 ਜੂਨ
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨੈਸ਼ਨਲ ਮਿਡਵਾਈਫਰੀ ਟਰੇਨਿੰਗ ਇੰਸਟੀਚਿਊਟ (ਐੱਨਐੱਮਟੀਆਈ) ਪਟਿਆਲਾ ਦਾ ਦੌਰਾ ਕੀਤਾ ਅਤੇ ਨੈਸ਼ਨਲ ਮਿਡਵਾਈਫ ਐਜੂਕੇਟਰਜ਼ ਦੀ ਸਿਖਲਾਈ ਲਈ ਤਿਆਰ ਕੀਤੀ ਮਿਡਵਾਈਫਰੀ ਵਰਚੁਅਲ ਰਿਐਲਿਟੀ (ਵੀਆਰ) ਸਿਮੂਲੇਸ਼ਨ ਲੈਬ ਦਾ ਜਾਇਜ਼ਾ ਕੀਤਾ। ਉਨ੍ਹਾਂ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਨਾਲ ਗੱਲਬਾਤ ਵੀ ਕੀਤੀ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪਟਿਆਲਾ ਦਾ ਨੈਸ਼ਨਲ ਮਿਡਵਾਈਫਰੀ ਟਰੇਨਿੰਗ ਇੰਸਟੀਚਿਊਟ ਭਾਰਤ ਵਿੱਚ ਨੈਸ਼ਨਲ ਮਿਡਵਾਈਫਰੀ ਐਜੂਕੇਟਰਜ਼ ਦੇ ਕਾਡਰ ਨੂੰ ਸਿਖਲਾਈ ਦੇਣ ਲਈ ਸ਼ੁਰੂ ਕੀਤੀ ਗਈ ਤੀਜੀ ਸੰਸਥਾ ਹੈ। ਉਨ੍ਹਾਂ ਕਿਹਾ ਕਿ ਐੱਨਐੱਮਟੀਆਈ ਪਟਿਆਲਾ ਵਿੱਚ ਮਿਡਵਾਈਫਰੀ ਇਨੀਸ਼ੀਏਟਿਵ ਦੇ ਸੰਚਾਲਨ ਅਤੇ ਮਿਡਵਾਈਫਰੀ ਵੀਆਰ ਸਿਮੂਲੇਸ਼ਨ ਲੈਬ ਨੂੰ ਸੰਯੁਕਤ ਰਾਸ਼ਟਰ ਆਬਾਦੀ ਫੰਡ ਰਾਹੀਂ ਪੰਜਾਬ ਸਰਕਾਰ ਦੀ ਭਾਈਵਾਲੀ ਨਾਲ ਚਲਾਇਆ ਜਾ ਰਿਹਾ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਹੈਲਥਕੇਅਰ ਵਿੱਚ ਵਰਚੁਅਲ ਰਿਐਲਿਟੀ ਨੂੰ ਟੈਕਨਾਲੋਜੀ-ਅਧਾਰਤ ਸਿਮੂਲੇਸ਼ਨ ਸਿਖਲਾਈ ਵਿਧੀ ਵਜੋਂ ਮਾਨਤਾ ਪ੍ਰਾਪਤ ਹੈ। ਇਸ ਵਿਧੀ ਦੀ ਵਰਤੋਂ ਰਾਹੀਂ, ਨਰਸਿੰਗ ਅਮਲਾ, ਲੇਬਰ ਰੂਮਾਂ ਵਿੱਚ ਅਸਲੀਅਤ ਵਾਂਗ ਵਰਚੁਅਲ ਵਾਤਾਵਰਨ ਵਿੱਚ ਗੱਲਬਾਤ ਕਰ ਸਕਦੀਆਂ ਹਨ ਅਤੇ ਸਿਖਲਾਈ ਦਿਸ਼ਾ-ਨਿਰਦੇਸ਼ਾਂ ਦੀ ਵਰਤੋਂ ਕਰਕੇ ਡਲਿਵਰੀ ਕਰਵਾਉਣ ਦਾ ਅਭਿਆਸ ਕਰ ਸਕਦੀਆਂ ਹਨ। ਇਹ ਪ੍ਰੋਗਰਾਮ ਹੁਨਰ ਲੈਬਾਂ ਵਿੱਚ ਨਰਸਿੰਗ ਅਮਲੇ ਨੂੰ ਸਿਖਲਾਈ ਦੇਣ ਦੇ ਰਵਾਇਤੀ ਢੰਗ ਦੇ ਨਾਲ-ਨਾਲ ਸਿਖਲਾਈ ਲਈ ਇੱਕ ਅਤਿਆਧੁਨਿਕ ਸਾਧਨ ਵਜੋਂ ਵੀ ਸਹਾਇਤਾ ਕਰੇਗਾ। ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਮਿਸ਼ਨ ਡਾਇਰੈਕਟਰ ਪ੍ਰਦੀਪ ਅਗਰਵਾਲ, ਏਡੀਸੀ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ, ਐੱਸਡੀਐੱਮ ਚਰਨਜੀਤ ਸਿੰਘ, ਕਰਨਲ ਜੇ.ਵੀ. ਸਿੰਘ, ਬਲਵਿੰਦਰ ਸੈਣੀ, ਡਾ. ਜਤਿੰਦਰ ਕਾਂਸਲ, ਸਿਵਲ ਸਰਜਨ ਡਾ. ਰਮਿੰਦਰ, ਮਾਤਾ ਕੌਸ਼ਲਿਆ ਹਸਪਤਾਲ ਦੇ ਐੱਮਐੱਸ ਡਾ. ਜਗਪਾਲਇੰਦਰ ਸਿੰਘ, ਸਟੇਟ ਪ੍ਰੋਗਰਾਮ ਅਫ਼ਸਰ ਮੈਟੇਰਨਲ ਅਤੇ ਚਾਇਲਡ ਹੈਲਥ ਡਾ. ਇੰਦਰਦੀਪ ਕੌਰ, ਸਕੂਲ ਆਫ਼ ਨਰਸਿੰਗ ਦੀ ਪ੍ਰਿੰਸੀਪਲ ਪਰਮਜੀਤ ਕੌਰ ਹਾਜ਼ਰ ਸਨ।