ਗੁਰਿੰਦਰ ਸਿੰਘ
ਲੁਧਿਆਣਾ, 27 ਨਵੰਬਰ
ਐਸਟੀਐਫ ਲੁਧਿਆਣਾ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਕਰੋੜਾਂ ਰੁਪਏ ਦੇ ਮੁੱਲ ਦੀ 2 ਕਿਲੋ 795 ਗ੍ਰਾਮ ਹੈਰੋਇਨ ਅਤੇ ਨਕਦੀ ਬਰਾਮਦ ਕੀਤੀ ਹੈ। ਐਸਟੀਐਫ ਲੁਧਿਆਣਾ ਰੇਂਜ ਦੇ ਇੰਚਾਰਜ ਏਆਈਜੀ ਸਨੇਹਦੀਪ ਸ਼ਰਮਾ ਨੇ ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਸਟੀਐਫ ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਦੋ ਜਣਿਅਆਂ ਨੂੰ ਗ੍ਰਿਫ਼ਤਾਰ ਕਰਕੇ 2 ਕਿਲੋ 415 ਗ੍ਰਾਮ ਹੈਰੋਇਨ, ਛੋਟੀਆਂ ਲਿਫਾਫੀਆਂ ਅਤੇ ਨਕਦੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਐਸਟੀਐਫ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਗੁਰਪ੍ਰੀਤ ਸਿੰਘ ਵਾਸੀ ਆਦਰਸ਼ ਨਗਰ ਲੁਧਿਆਣਾ ਅਤੇ ਵਿਨੀਤ ਕੁਮਾਰ ਵਾਸੀ ਭਗਤ ਸਿੰਘ ਕਲੋਨੀ ਨੂੰ ਉਸ ਵੇਲੇ ਕਾਬੂ ਕੀਤਾ, ਜਦੋਂ ਉਹ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਸਕੂਟਰੀ ‘ਤੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਨੇ ਐਮਸੰਜ਼ ਰਿਜੋਰਟ ਨੇੜੇ ਐਵਰਸਟ ਪਬਲਿਕ ਸਕੂਲ ਮੋਤੀ ਨਗਰ ਕੋਲ ਲਗਾਏ ਨਾਕੇ ਦੌਰਾਨ ਦੋਹਾਂ ਨੂੰ ਕਾਬੂ ਕਰਕੇ ਏਸੀਪੀ ਅਜੇ ਕੁਮਾਰ ਦੀ ਦੇਖ ਰੇਖ ਹੇਠ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਦੋਹਾਂ ਕੋਲੋਂ 2 ਕਿੱਲੋ 415 ਗ੍ਰਾਮ ਹੈਰੋਇਨ ਅਤੇ 20 ਹਜ਼ਾਰ 500 ਰੁਪਏ ਦੀ ਨਕਦੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਵਿਨੀਤ ਕੁਮਾਰ ਪਿਛਲੇ ਤਿੰਨ ਸਾਲਾਂ ਤੋਂ ਇਹ ਕੰਮ ਕਰ ਰਿਹਾ ਸੀ।
ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਇਕ ਹੋਰ ਮਾਮਲੇ ਵਿਚ ਗੁੁਰਚਰਨ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਤਰੁਣ ਸਿੱਧੂ ਵਾਸੀ ਅੰਬੇਦਕਰ ਕਲੋਨੀ ਅਤੇ ਦੀਪਕ ਵਾਸੀ ਖੁੱਡ ਮੁਹੱਲਾ ਨੂੰ ਐਕਟਿਵਾ ਸਕੂਟਰ ਤੇ ਜਾਂਦਿਆਂ ਸਰਕਾਰੀ ਕਾਲਜ ਪਿੱਛੇ ਨਵ ਦੁਰਗਾ ਮੰਦਰ ਗਲਾਡਾ ਗਰਾਊਂਡ ਸੈਕਟਰ 39 ਨੇੜੇ ਕਾਬੂ ਕੀਤਾ। ਏਸੀਪੀ ਦਵਿੰਦਰ ਕੁਮਾਰ ਦੀ ਹਾਜ਼ਰੀ ਵਿੱਚ ਲਈ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 380 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਹੈਰੋਇਨ ਸਮੇਤ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਟਿੱਬਾ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਜੀਵਨ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਨੇ ਟੀ-ਪੁਆਇੰਟ ਸ਼ਮਸ਼ਾਨ ਘਾਟ ਇੰਦਰਾ ਕਲੋਨੀ ਨੇੜਿਓਂ ਪ੍ਰਿੰਸ ਮਹਿਤਾ ਉਰਫ਼ ਕਾਕਾ ਵਾਸੀ ਕਰਮਸਰ ਕਲੋਨੀ ਦੀ ਸ਼ੱਕ ਦੇ ਆਧਾਰ ‘ਤੇ ਤਲਾਸ਼ੀ ਲਈ ਤਾਂ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਮੁਲਜ਼ਮ ਤੋਂ ਪੁੱਛ ਪੜਤਾਲ ਕਰ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ