ਪੱਤਰ ਪ੍ਰੇਰਕ
ਧਾਰੀਵਾਲ, 4 ਨਵੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇੱਥੇ ਇਤਿਹਾਸਕ ਗੁਰਦੁਆਰਾ ਬੁਰਜ ਸਾਹਿਬ ਵਿਖੇ ਜਥੇਬੰਦੀ ਦੀ ਜ਼ਿਲ੍ਹਾ ਗੁਰਦਾਸਪੁਰ ਕੋਰ ਕਮੇਟੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਭਾਰਤਮਾਲਾ ਪ੍ਰਾਜੈਕਟ ਤਹਿਤ ਦਿੱਲੀ-ਜੰਮੂ-ਕੱਟੜਾ ਐਕਸਪ੍ਰੈੱਸ ਨੈਸ਼ਨਲ ਹਾਈਵੇਅ ਅਧੀਨ ਆਉਂਦੀਆਂ ਜ਼ਮੀਨਾਂ ਦਾ ਕਿਸਾਨਾਂ ਨੂੰ ਸਹੀ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਅਤੇ ਘੱਟ ਮੁਆਵਜ਼ੇ ‘ਤੇ ਜ਼ਮੀਨਾਂ ਖੋਹਣ ਦੀ ਧੱਕੇਸ਼ਾਹੀ ਕਦੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਭਾਰਤ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਸਿਹਤ, ਸਿੱਖਿਆ, ਪਾਣੀ, ਧਰਤੀ ਅਤੇ ਬਿਜਲੀ ਉਪਰ ਮੁਕੰਮਲ ਤੌਰ ‘ਤੇ ਕਾਬਜ਼ ਕਰ ਰਹੀ ਹੈ। ਉਨ੍ਹਾਂ ਕਿਹਾ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਮੰਨੀਆਂ ਮੰਗਾਂ ਉੱਤੇ ਖਰਾ ਨਾ ਉਤਰਨ ਤੇ ਹੋਰਨਾਂ ਮੰਗਾਂ ਵੱਲ ਧਿਆਨ ਨਾ ਦੇਣ ਵਿਰੁੱਧ 26 ਨਵੰਬਰ ਤੋਂ 18 ਜ਼ਿਲ੍ਹਿਆਂ ਦੇ ਡੀ.ਸੀ ਦਫਤਰਾਂ ਅੱਗੇ ਅਣਮਿੱਥੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕ ਸੂਬਾ ਆਗੂ ਲਖਵਿੰਦਰ ਸਿੰਘ ਤੇ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਆਦਿ ਹਾਜ਼ਰ ਸਨ।