ਪੱਤਰ ਪ੍ਰੇਰਕ
ਲਹਿਰਾਗਾਗਾ, 25 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਲਹਿਰਾਗਾਗਾ ਦੀ ਅਗਵਾਈ ਹੇਠ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਐੱਸਡੀਓ ਅੰਮ੍ਰਿਤਪਾਲ ਸਿੰਘ ਉਪਰ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦਿਆਂ ਸਬੰਧਤ ਅਧਿਕਾਰੀ ਅਤੇ ਮਹਿਕਮੇ ਖ਼ਿਲਾਫ ਨਾਅਰੇਬਾਜ਼ੀ ਕੀਤੀ। ਉਧਰ ਐੱਸਡੀਓ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਯੂਨੀਅਨ ਦੇ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ, ਜਨਰਲ ਸਕੱਤਰ ਰਾਮਫਲ ਸਿੰਘ ਅਤੇ ਖਜ਼ਾਨਚੀ ਲਖਵਿੰਦਰ ਸਿੰਘ ਡੂਡੀਆਂ ਨੇ ਦੱਸਿਆ ਕਿ ਪਿੰਡ ਜਲੂਰ ਦੇ ਕਿਸਾਨਾਂ ‘ਤੇ ਲਾਡਬੰਜਾਰਾ ਨਹਿਰ ਨਾਲ ਸਬੰਧਤ ਐੱਸਡੀਓ ਨੇ ਝੂਠੀ ਰਿਪੋਰਟ ਦਿੱਤੀ ਹੈ ਕਿ ਲਾਡਬੰਜਾਰਾ ਰਜਵਾਹੇ ਬੁਰਜੀ ਨੰਬਰ 98500 ‘ਤੇ ਕਿਸਾਨਾਂ ਵੱਲੋਂ ਠੱਲ ਲਾਈ ਗਈ ਹੈ, ਜਦੋਂਕਿ ਉਥੇ ਅਜਿਹਾ ਕੁੱਝ ਵੀ ਨਹੀਂ ਹੈ। ਯੂਨੀਅਨ ਦੇ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਬੰਧਤ ਅਧਿਕਾਰੀ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਤਾਂ ਮਹਿਕਮੇ ਅਤੇ ਪੁਲੀਸ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਲਾਡਬੰਜਾਰਾ ਨਹਿਰ ਵਿਚ ਪਾਣੀ ਦੀ ਮਾਤਰਾ ਅੱਧੇ ਤੋਂ ਵੀ ਘੱਟ ਛੱਡੀ ਜਾ ਰਹੀ ਹੈ, ਜਿਸ ਕਾਰਨ ਟੇਲਾਂ ਅਤੇ ਮੋਘਿਆਂ ਵਿਚ ਨਾਮਾਤਰ ਪਾਣੀ ਪਹੁੰਚਦਾ ਹੈ। ਦੂਜੇ ਪਾਸੇ ਐੱਸਡੀਓ ਅੰਮ੍ਰਿਤਪਾਲ ਸਿੰਘ ਨੇ ਦੋਸ਼ਾਂ ਨੂੰ ਨਕਾਰਿਆ ਹੈ ਤੇ ਅੱਜ ਤੋਂ ਲਾਡਬੰਨਜਾਰਾ ਰਜਵਾਹੇ ਦਾ ਪਾਣੀ 350 ਕਿਊਸਿਕ ਛੱਡਣ ਦਾ ਦਾਅਵਾ ਕੀਤਾ। ਇਸ ਮੌਕੇ ਪਰਗਟ ਸਿੰਘ ਜਲੂਰ, ਬਲਜਿੰਦਰ ਸਿੰਘ, ਜਗਜੀਤ ਸਿੰਘ, ਲੀਲਾ ਸਿੰਘ, ਤਰਸੇਮ ਸਿੰਘ, ਅਜੈਬ ਸਿੰਘ, ਪ੍ਰਰੀਤਾ ਸਿੰਘ ਅਤੇ ਗੁਰਬਿੰਦਰ ਸਿੰਘ ਆਦਿ ਕਿਸਾਨ ਮੌਜੂਦ ਸਨ।