ਪੱਤਰ ਪ੍ਰੇਰਕ
ਭਵਾਨੀਗੜ੍ਹ, 24 ਜੂਨ
ਨੌਕਰੀ ਤੋਂ ਹਟਾਏ ਜੀਓਜੀ ਸਾਬਕਾ ਸੈਨਿਕਾਂ ਨੇ ਆਪਣੀਆਂ ਮੰਗਾਂ ਸਬੰਧੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਜੀਓਜੀ ਸਾਬਕਾ ਸੈਨਿਕ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਫਲਾਇੰਗ ਅਫਸਰ ਕਮਲ ਵਰਮਾ, ਕੈਪਟਨ ਸਿਕੰਦਰ ਸਿੰਘ ਫੱਗੂਵਾਲਾ ਅਤੇ ਹੌਲਦਾਰ ਗੁਰਮੀਤ ਸਿੰਘ ਕਾਲਾਝਾੜ ਨੇ ਦੱਸਿਆ ਕਿ ‘ਆਪ’ ਸਰਕਾਰ ਨੇ ਸੱਤਾ ਹਾਸਲ ਕਰਨ ਤੋਂ ਬਾਅਦ ਹਜ਼ਾਰਾਂ ਜੀਓਜੀ ਨੂੰ ਨੌਕਰੀਆਂ ਤੋਂ ਫ਼ਾਰਗ ਕਰ ਦਿੱਤਾ। ਜਥੇਬੰਦੀ ਵੱਲੋਂ ਇਸ ਧੱਕੇਸ਼ਾਹੀ ਖ਼ਿਲਾਫ਼ ਪੂਰੇ ਪੰਜਾਬ ਅੰਦਰ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨਾਲ ਜੀਓਜੀ ਟੀਮ ਦੀ ਦੀਆਂ ਹੁਣ ਤੱਕ ਤਕਰੀਬਨ 7 ਮੀਟਿੰਗਾਂ ਹੋ ਚੁਕੀਆਂ ਸਨ, ਜੋ ਬੇਸਿੱਟਾ ਰਹੀਆਂ। ਸਾਬਕਾ ਫੌਜੀਆਂ ਵੱਲੋਂ ਆਪਣੀ ਸੁਣਵਾਈ ਨਾ ਹੁੰਦੀ ਦੇਖ ਕੇ ਅੱਜ ਪ੍ਰੈੱਸ ਕਾਨਫਰੰਸ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਸਾਬਕਾ ਸੈਨਿਕਾਂ ਪ੍ਰਤੀ ਗੈਰ ਸੰਜੀਦਾ ਹੋ ਕੇ ਇਨਸਾਫ ਦੇਣ ਤੋਂ ਭੱਜੇਗੀ ਤਾਂ ਉਨ੍ਹਾਂ ਨੂੰ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ।