ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਘੰਟੇ ਦੀ ਫੇਰੀ ਤੋਂ ਪਹਿਲਾਂ ਇੱਥੇ ਵਿਦਿਆਰਥੀ ਜਥੇਬੰਦੀ ‘ਆਇਸਾ’ ਵੱਲੋਂ ਪੋਸਟਰ ਲਾ ਕੇ ਸ੍ਰੀ ਮੋਦੀ ਤੋਂ ਸਵਾਲ ਪੁੱਛੇ ਗਏ ਹਨ। ਪੋਸਟਰਾਂ ‘ਤੇ ਕਿਹਾ ਗਿਆ ਕਿ ਦਿੱਲੀ ਵਰਸਿਟੀ ਦੇ ਵਿਦਿਆਰਥੀ ਸਵਾਲਾਂ ਦੇ ਲਾਜ਼ਮੀ ਜਵਾਬ ਚਾਹੁੰਦੇ ਹਨ। ਇਨ੍ਹਾਂ ਸਵਾਲਾਂ ਵਿੱਚ ਜ਼ਿਕਰ ਕੀਤਾ ਗਿਆ ਕਿ ਕਾਲਜਾਂ ਦੀਆਂ ਫੀਸਾਂ ਕਿਉਂ ਵਧਾਈਆਂ ਜਾ ਰਹੀਆਂ ਹਨ? ਜੋ ਕੋਰਸ ਵਿਦਿਆਰਥੀ ਨਹੀਂ ਪੜ੍ਹਨਾ ਚਾਹੁੰਦੇ ਉਹ ਕਿਉਂ ਥੋਪੇ ਜਾ ਰਹੇ ਹਨ? ਅੰਬੇਦਕਰ, ਗਾਂਧੀ, ਜਾਤ ਤੇ ਭੇਦ ਬਾਰੇ ਪਾਠ ਕਿਉਂ ਹਟਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 30 ਜੂਨ ਨੂੰ ਆਪਣੇ ਦੌਰੇ ਦੌਰਾਨ ਤਿੰਨ ਨਵੀਆਂ ਇਮਾਰਤਾਂ ਦਾ ਨੀਂਹ ਪੱਥਰ ਰੱਖਣਗੇ। ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਣ ਵਾਲੇ ਇਸ ਸਮਾਗਮ ਵਿੱਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। -ਪੱਤਰ ਪ੍ਰੇਰਕ