ਪੱਤਰ ਪ੍ਰੇਰਕ
ਮੁਕੇਰੀਆਂ, 4 ਨਵੰਬਰ
ਦੋਆਬਾ ਕਿਸਾਨ ਕਮੇਟੀ ਮੁਕੇਰੀਆਂ ਦੇ ਵਫ਼ਦ ਨੇ ਖੰਡ ਮਿੱਲ ਦੇ ਮੁੱਖ ਗੰਨਾ ਮੈਨੇਜਰ ਸੰਜੈ ਸਿੰਘ ਨਾਲ ਮੁਲਾਕਾਤ ਕਰ ਕੇ ਖੰਡ ਮਿੱਲ 5 ਨਵੰਬਰ ਨੂੰ ਚਲਾਉਣ ਅਤੇ ਪਰਚੀ ਸਿਸਟਮ ਪਾਰਦਰਸ਼ੀ ਤਰੀਕੇ ਨਾਲ ਲਾਗੂ ਕਰਨ ਦੀ ਮੰਗ ਕੀਤੀ ਹੈ। ਸਰਕਲ ਮੁਕੇਰੀਆਂ ਦੇ ਪ੍ਰਧਾਨ ਅਵਤਾਰ ਸਿੰਘ ਬੌਬੀ ਦੀ ਅਗਵਾਈ ਵਿੱਚ ਹੋਈ ਖੰਡ ਮਿੱਲ ਅਧਿਕਾਰੀ ਨਾਲ ਮੀਟਿੰਗ ਵਿੱਚ ਖੰਡ ਮਿੱਲ ਦੇ ਮੁੱਖ ਗੰਨਾ ਮੈਨੇਜਰ ਸੰਜੇ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਮਿੱਲ ਵੱਲੋਂ ਪਾਰਦਰਸ਼ੀ ਢੰਗ ਨਾਲ ਕੈਲੰਡਰ ਸਿਸਟਮ ਲਾਗੂ ਕੀਤਾ ਜਾਵੇਗਾ ਅਤੇ ਪਰਚੀਆਂ ਦੀ ਵੰਡ ਦਾ ਖਾਸ ਖਿਆਲ ਰੱਖਿਆ ਜਾਵੇਗਾ। ਖੰਡ ਮਿੱਲਾਂ ਚਲਾਉਣ ਲਈ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ ਤੇ ਨੋਟੀਫਿਕੇਸ਼ਨ ਜਾਰੀ ਹੋਣ ‘ਤੇ ਪਿੜਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਭੋਗਪੁਰ ਸ਼ੂਗਰ ਮਿੱਲ ਨਵੰਬਰ ਦੇ ਤੀਜੇ ਹਫ਼ਤੇ ਤੱਕ ਚਾਲੂ ਹੋਣ ਦੀ ਉਮੀਦ
ਆਦਮਪੁਰ ਦੋਆਬਾ(ਜਲੰਧਰ) (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਭੋਗਪੁਰ ਸਹਿਕਾਰੀ ਖੰਡ ਮਿੱਲ ਨਵੰਬਰ ਦੇ ਤੀਜੇ ਹਫਤੇ ਤੱਕ ਚਾਲੂ ਹੋਣ ਦੀ ਸੰਭਾਵਨਾ ਹੈ ਕਿਉਂਕਿ ਪੰਜਾਬ ਰਾਜ ਪਾਵਰਕੌਮ ਲਿਮਟਿਡ ਨੇ ਸਾਈਟ ‘ਤੇ ਤਕਨੀਕੀ ਸੰਭਾਵਨਾ ਦੀ ਜਾਂਚ ਤੋਂ ਬਾਅਦ ਮਿੱਲ ਨੂੰ ਬਿਜਲੀ ਸਪਲਾਈ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਸ਼ੂਗਰਫੈੱਡ ਦੇ ਮੈਨੇਜਿੰਗ ਡਾਇਰੈਕਟਰ ਅਰਵਿੰਦ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਇਹ ਜਾਣਕਾਰੀ ਦਿੱਤੀ।