ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੂਨ
ਦੱਖਣੀ ਦਿੱਲੀ ਦੇ ਕਾਲਕਾਜੀ ਖੇਤਰ ਵਿੱਚ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਵੱਲੋਂ ਗ਼ੈਰ-ਕਾਨੂੰਨੀ ਉਸਾਰੀਆਂ ਉਪਰ ਬੁਲਡੋਜ਼ਰ ਚਲਾਏ ਗਏ ਤੇ ਕਈ ਦੁਕਾਨਾਂ ਨੂੰ ਤੋੜ ਦਿੱਤਾ ਗਿਆ। ਇਸ ਦੌਰਾਨ ਜੋ ਉਸਾਰੀਆਂ ਗਲਤ ਤਰੀਕੇ ਨਾਲ ਬਣੀਆਂ ਹੋਈਆਂ ਸਨ, ਉਸ ‘ਤੇ ਕਾਰਵਾਈ ਕੀਤੀ ਗਈ। ਇਸ ਮੌਕੇ ‘ਆਪ’ ਵੱਲੋਂ ਇਸ ਤੋੜ-ਫੋੜ ਲਈ ਕੇਂਦਰ ਸਰਕਾਰ ਨੂੰ ਨਿਸ਼ਾਨੇ ਉਪਰ ਲਿਆ ਗਿਆ ਤੇ ਮੋਦੀ ਸਰਕਾਰ ਉਪਰ ਗ਼ਰੀਬਾਂ ਦੀ ਚਿੰਤਾ ਨਾ ਕਰਨ ਦਾ ਦੋਸ਼ ਵੀ ਲਾਇਆ।
‘ਡੀਡੀਏ’ ਵੱਲੋਂ ਅੱਜ ਕਾਲਕਾਜੀ ਇਲਾਕੇ ਵਿੱਚ ਕਈ ਝੁੱਗੀਆਂ ਤੇ ਦੁਕਾਨਾਂ ਉਪਰ ਬੁਲਡੋਜ਼ਰ ਚਲਾਇਆ ਗਿਆ ਤੇ ਅਧਿਕਾਰੀਆਂ ਨੇ ਨਾਜਾਇਜ਼ ਢਾਂਚੇ ਢਾਹ ਦਿੱਤੇ। ਇਸ ਥਾਂ ਉਪਰ ਜ਼ਮੀਨਹੀਣ ਲੋਕਾਂ ਨੇ ਝੁੱਗੀਆਂ ਪਾਈਆਂ ਹੋਈਆਂ ਸਨ। ਇਹ ਇਲਾਕਾ ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਦਾ ਵਿਧਾਨ ਸਭਾ ਹਲਕਾ ਹੈ। ਡੀਡੀਏ ਦੀ ਕਾਰਵਾਈ ਤੋਂ ਜਿੱਥੇ ਪੀੜਤ ਲੋਕ ਪ੍ਰੇਸ਼ਾਨ ਹੋਏ ਉੱਥੇ ਹੀ ਆਤਿਸ਼ੀ ਨੇ ਵੀ ਕੇਂਦਰ ਸਰਕਾਰ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਜਿੱਥੇ ਝੁੱਗੀ ਉੱਥੇ ਮਕਾਨ ਦਿੱਤੇ ਜਾਣਗੇ। ਆਤਿਸ਼ੀ ਨੇ ਕਿਹਾ ਕਿ ਚੋਣਾਂ ਮਗਰੋਂ ਉਨ੍ਹਾਂ ਹੀ ਝੁੱਗੀਆਂ ਉਪਰ ਬੁਲਡੋਜ਼ਰ ਚਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਲਕਾ ਜੀ ਦੇ ਜ਼ਮੀਨਹੀਣ ਕੈਂਪ ਵਿੱਚ ਭਾਜਪਾ ਦੀ ਡੀਡੀਏ ਵੱਲੋਂ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ। ਲੋਕ ਸੜਕਾਂ ਉਪਰ ਆ ਰਹੇ ਹਨ ਪਰ ਮੋਦੀ ਸਰਕਾਰ ਵੱਲੋਂ ਗ਼ਰੀਬਾਂ ਦੀ ਚਿੰਤਾ ਕਿੱਥੇ ਹੈ।