ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 25 ਜੂਨ
ਪਿੰਡ ਫਤਹਿਗੜ੍ਹ ਛੰਨਾ ਦੇ ਗੁਰਦੁਆਰਾ ਅਬਚਲ ਨਗਰ ਸਾਹਿਬ ਵਿਖੇ ਐਜੂਕੇਟ ਪੰਜਾਬ ਪ੍ਰਾਜੈਕਟ ਅਤੇ ਗੁਰੁੂ ਨਾਨਕ ਮਲਟੀਵਰਸਿਟੀ ਲੁਧਿਆਣਾ ਵੱਲੋਂ 6 ਰੋਜ਼ਾ ਗੁਰਮਤਿ ਕੈੈਂਪ ਲਗਾਇਆ ਗਿਆ। ਇਸ ਵਿੱਚ 50 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਸੰਸਥਾ ਦੇ ਯੂਥ ਕੌਂਸਲਰ ਭਾਈ ਰਾਜਵੀਰ ਸਿੰਘ ਅਤੇ ਬੀਬੀ ਰਣਜੀਤ ਕੌਰ ਨੇ ਬੱਚਿਆਂ ਨੂੰ ਗੁਰਮਤਿ ਮਰਿਆਦਾ, ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੋੜਿਆ। ਇਸ ਕੈਂਪ ਵਿੱਚ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਕੈਂਪ ਦੀ ਸਮਾਪਤੀ ਸਮੇਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਟਰਾਫ਼ੀਆਂ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸੰਸਥਾ ਵੱਲੋਂ ਬੱਚਿਆਂ ਨੂੰ ਧਾਰਮਿਕ ਫਿਲਮਾਂ ਵੀ ਦਿਖਾਈਆਂ ਗਈਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਗੇ ਤੋਂ ਵੀ ਅਜਿਹੇ ਹੋਰ ਕੈਂਪ ਲਗਾਉਣ ਲਈ ਕਿਹਾ। ਗੁਰਮਤਿ ਕੈਂਪ ਦੀ ਸਮਾਪਤੀ ਸਮੇਂ ਗੁਰਮੇਲ ਸਿੰਘ ਰੰਗੀਲਾ, ਸੁਖਵਿੰਦਰ ਸਿੰਘ ਗਰਾਜੀ ਅਤੇ ਹੋਰ ਸੰਗਤਾਂ ਹਾਜ਼ਰ ਸਨ।
ਪੈਂਤੀ ਅੱਖਰੀ ਲਿਖਣ ‘ਚ ਮਨਰੀਤ ਅਤੇ ਮਹਿਕਪ੍ਰੀਤ ਅੱਵਲ
ਸੰਗਰੂਰ (ਪੱਤਰ ਪ੍ਰੇਰਕ): ਗੁਰਦੁਆਰਾ ਸਾਹਿਬ ਗੁਰੂ ਨਾਨਕਪੁਰਾ ਸੰਗਰੂਰ ਵਿਖੇ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਵੱਲੋਂ ਇਕ ਰੋਜ਼ਾ ਗੁਰਮਤਿ ਸਿੱਖਿਆ ਕੈਂਪ ਸੁਰਿੰਦਰਪਾਲ ਸਿੰਘ, ਰਾਜਵਿੰਦਰ ਸਿੰਘ, ਗੁਰਲੀਨ ਕੌਰ ਅਤੇ ਗੁਲਜ਼ਾਰ ਸਿੰਘ ਦੀ ਦੇਖ ਰੇਖ ਹੇਠ ਕਰਵਾਇਆ ਗਿਆ| ਕੈਂਪ ਦੀ ਆਰੰਭਤਾ ਬੱਚਿਆਂ ਵੱਲੋਂ ਮੂਲ ਮੰਤਰ ਅਤੇ ਗੁਰ ਮੰਤਰ ਨਾਲ ਕੀਤੀ ਗਈ| ਇਸ ਮੌਕੇ ਮਿੰਨੀ, ਜੂਨੀਅਰ ਅਤੇ ਸੀਨੀਅਰ ਗਰੁੱਪਾਂ ਦੇ ਆਧਾਰ ‘ਤੇ ਪੈਂਤੀ ਅੱਖਰੀ ਲਿਖਣ ਮੁਕਾਬਲੇ ਕਰਵਾਏ ਗਏ| ਮੁਕਾਬਲਿਆਂ ਦੇ ਨਤੀਜੇ ਅਨੁਸਾਰ ਮਿੰਨੀ ਗਰੁੱਪ ਵਿਚੋਂ ਮਨਰੀਤ ਕੌਰ ਨੇ ਪਹਿਲਾ, ਜੂਨੀਅਰ ਗਰੁੱਪ ‘ਚੋਂ ਅਰਸ਼ਲੀਨ ਕੌਰ ਤੇ ਸੀਨੀਅਰ ਗਰੁੱਪ ‘ਚੋਂ ਮਹਿਕਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।