ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਜੂਨ
ਪੀਏਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਦੀ ਰਹਿਨੁਮਾਈ ਹੇਠ ਸਵੈ ਸੇਵੀ ਸਮੂਹਾਂ ਦੀ ਮਜ਼ਬੂਤੀ ਲਈ ਭੋਜਨ ਉਤਪਾਦਾਂ, ਪੈਕੇਜਿੰਗ ਅਤੇ ਮੰਡੀਕਰਨ ਵਿਸ਼ੇ ਬਾਰੇ ਇੱਕ ਰੋਜਾ ਵਿਸ਼ੇਸ਼ ਸਿਖਲਾਈ ਵਰਕਸ਼ਾਪ ਲਗਵਾਈ ਗਈ। ਇਸ ਵਰਕਸ਼ਾਪ ਦੇ ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਨ ਜਦਕਿ ਵਿਸ਼ੇਸ਼ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਤੇ ਜ਼ਿਲ੍ਹਾ ਮਿਸ਼ਨ ਨਿਰਦੇਸ਼ਕ (ਪੀ ਐਸ ਆਰ ਐਲ ਐਮ) ਲੁਧਿਆਣਾ ਸੰਦੀਪ ਕੁਮਾਰ ਉਚੇਚੇ ਤੌਰ ਤੇ ਸ਼ਾਮਲ ਹੋਏ। ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਲੁਧਿਆਣਾ ਤੋਂ ਵੱਖ-ਵੱਖ ਸਵੈ-ਸੇਵੀ ਸਮੂਹਾਂ ਦੇ 50 ਮੈਂਬਰ ਸ਼ਾਮਲ ਹੋਏ। ਡਾ. ਗੋਸਲ ਨੇ ਅੱਜ ਦੇ ਸਮੇਂ ਵਿੱਚ ਖੇਤੀ ਦੇ ਨਾਲ-ਨਾਲ ਮੁਹਾਰਤ ਦੇ ਵਿਕਾਸ ਦੀ ਗੱਲ ਕੀਤੀ। ਉਨ੍ਹਾਂ ਨੇ ਇਸ ਸਬੰਧ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਕਿਹਾ ਕਿ ਖੇਤੀ ਉੱਦਮੀ ਸਵੈ ਸੇਵੀ ਸਮੂਹਾਂ ਦੀ ਸਥਾਪਨਾ ਕਰਕੇ ਜਿਣਸਾਂ ਨੂੰ ਉਤਪਾਦ ਵਿੱਚ ਬਦਲ ਕੇ ਅਤੇ ਮੰਡੀਕਰਨ ਦਾ ਸੌਖਾ ਢਾਂਚਾ ਅਪਣਾ ਕੇ ਵਧੇਰੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਡਾ. ਬੁੱਟਰ ਨੇ ਕਿਹਾ ਕਿ ਸਵੈ-ਸੇਵੀ ਸਮੂਹ ਯੂਨੀਵਰਿਸਟੀ ਦੀਆਂ ਤਕਨੀਕਾਂ ਨੂੰ ਆਪਣੇ ਕੰਮ ਵਿੱਚ ਵਰਤਣ, ਚੰਗਾ ਮੁਨਾਫਾ ਕਮਾਉਣ ਅਤੇ ਆਪਣੇ ਵਾਤਾਵਰਨ ਨੂੰ ਵੀ ਸਾਫ-ਸੁਥਰਾ ਬਨਾਉਣ ਵਿੱਚ ਸਹਿਯੋਗ ਦੇ ਸਕਦੇ ਹਨ। ਵਰਕਸ਼ਾਪ ਦੇ ਤਕਨੀਕੀ ਕੋਆਰਡੀਨੇਟਰ ਅਤੇ ਸਕੂਲ ਆਫ ਬਿਜਨਸ ਸਟੱਡੀਜ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਨੇ ਦੱਸਿਆ ਕਿ ਆਏ ਹੋਏ ਮੈਂਬਰਾਂ ਨੂੰ ਮਾਹਿਰਾਂ ਤੋਂ ਫੂਡ ਉਤਪਾਦਾਂ, ਪੈਕੇਜਿੰਗ ਅਤੇ ਮਾਰਕਿਟਿੰਗ ਸਬੰਧੀ ਜਾਣਕਾਰੀ ਹਾਸਲ ਕਰਨ ਦਾ ਮੌਕਾ ਪ੍ਰਾਪਤ ਹੋਇਆ।