ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਜੂਨ
ਪੰਥ ਰਤਨ ਸ੍ਰੀਮਾਨ ਮਾਸਟਰ ਤਾਰਾ ਸਿੰਘ ਯਾਦਗਾਰੀ ਟਰੱਸਟ ਵੱਲੋਂ ਮਾਸਟਰ ਤਾਰਾ ਸਿੰਘ ਜੀ ਦਾ 139ਵਾਂ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਚੌਕ ਖੁੱਡ ਮੁਹੱਲਾ ਵਿੱਖੇ ਮਨਾਇਆ ਗਿਆ ਜਿਸ ਵਿੱਚ ਬੁਲਾਰਿਆਂ ਨੇ ਮਾਸਟਰ ਤਾਰਾ ਸਿੰਘ ਦੇ ਜੀਵਨ ਅਤੇ ਜੀਵਨ ਘਾਲਣਾ ਬਾਰੇ ਰੋਸ਼ਨੀ ਪਾਈ।
ਟਰੱਸਟ ਦੇ ਪ੍ਰਧਾਨ ਬਲਜੀਤ ਸਿੰਘ ਦੁਖੀਆ ਦੀ ਦੇਖ-ਰੇਖ ਹੇਠ ਹੋਏ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਪੰਥ ਰਤਨ ਮਾਸਟਰ ਤਾਰਾ ਸਿੰਘ ਰਾਜਨੀਤਕ, ਧਾਰਮਿਕ ਅਤੇ ਸਾਰੀ ਕੌਮ ਨਾਲ ਪਿਆਰ ਕਰਨ ਵਾਲੀ ਇੱਕ ਐਸੀ ਸਖ਼ਸ਼ੀਅਤ ਸਨ ਜਿਨ੍ਹਾਂ ਨੇ ‘ਮੈਂ ਮਰਾ ਪੰਥ ਜੀਵੇ’ ਦਾ ਹੋਕਾ ਦਿੱਤਾ। ਮਾਸਟਰ ਤਾਰਾ ਸਿੰਘ ਦੀ ਦੋਹਤਰੀ ਸ੍ਰੀਮਤੀ ਕਿਰਨਜੀਤ ਕੌਰ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਵੱਲੋਂ ਪੰਥ ਅਤੇ ਸਿੱਖੀ ਦੇ ਬੋਲਬਾਲੇ ਲਈ ਨਿਭਾਈਆਂ ਜ਼ਿੰਮੇਵਾਰੀਆਂ ਨੂੰ ਸਮੁੱਚੀ ਕੌਮ ਅੱਜ ਵੀ ਯਾਦ ਕਰ ਰਹੀ ਹੈ। ਉਨ੍ਹਾਂ ਮਾਸਟਰ ਤਾਰਾ ਸਿੰਘ ਦੇ ਸਾਥੀ ਅਤੇ ਜਥੇਦਾਰ ਕੁਲਵੰਤ ਸਿੰਘ ਦੁਖੀਆ ਦੇ ਪਰਿਵਾਰ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਖੁਸ਼ੀ ਪ੍ਰਗਟਾਈ ਕਿ ਅੱਜ ਵੀ ਇਹ ਪਰਿਵਾਰ ਮਾਸਟਰ ਤਾਰਾ ਸਿੰਘ ਦੀ ਯਾਦ ਨੂੰ ਤਾਜ਼ਾ ਰੱਖ ਰਹੇ ਹਨ।
ਇਸ ਮੌਕੇ ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ, ਅਮਰਜੀਤ ਸਿੰਘ ਟਿੱਕਾ, ਪ੍ਰਲਾਦ ਸਿੰਘ ਢੱਲ, ਡਾ. ਐਸਪੀ ਸਿੰਘ, ਕੁਲਜੀਤ ਸਿੰਘ, ਹਰਚਰਨ ਸਿੰਘ ਨਰੂਲਾ ਅਤੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਕਿਹਾ ਕਿ ਗੁਰਦੁਆਰਾ ਲਹਿਰ, ਸ਼੍ਰੋਮਣੀ ਕਮੇਟੀ ਦੀ ਸਥਾਪਨਾ, ਦੇਸ਼ ਦੀ ਵੰਡ ਸਮੇਂ ਸਿੱਖ ਕੌਮ ਦੀ ਤੀਸਰੀ ਧਿਰ ਵਜੋਂ ਪ੍ਰਵਾਨਗੀ ਅਤੇ ਬਾਅਦ ਵਿੱਚ ਪੰਜਾਬੀ ਸੂਬੇ ਦੀ ਜਦੋਜਹਿਦ ਅਤੇ ਆਪਣੇ ਜੀਵਨ ਕਾਲ ਦੀ ਸੰਧਿਆ ਸਮੇਂ ‘ਸਿੱਖ ਹੋਮਲੈਂਡ’ ਦੀ ਪ੍ਰਾਪਤੀ ਲਈ ਕੀਤੀ ਘਾਲਣਾ ਸਿੱਖ ਕੌਮ ਲਈ ਪ੍ਰੇਰਣਾ ਸਰੋਤ ਹੈ।