ਲੁਧਿਆਣ: ਵੱਖ-ਵੱਖ ਥਾਵਾਂ ‘ਤੇ ਹੋਏ ਲੜਾਈ ਝਗੜਿਆਂ ਅਤੇ ਕੁੱਟਮਾਰ ਦੇ ਮਾਮਲਿਆਂ ਵਿੱਚ ਪੁਲੀਸ ਵੱਲੋਂ ਇੱਕ ਔਰਤ ਸਮੇਤ ਅੱਠ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਡਵੀਜ਼ਨ ਨੰਬਰ 3 ਦੀ ਪੁਲੀਸ ਨੂੰ ਗਲੀ ਨੰਬਰ 4 ਮਹਾਰਾਜਾ ਰਣਜੀਤ ਸਿੰਘ ਪਾਰਕ ਵਾਸੀ ਗੁੱਡੋ ਦੇਵੀ ਨੇ ਦੱਸਿਆ ਹੈ ਕਿ ਰਾਤ ਨੂੰ ਉਸ ਦਾ ਪਤੀ ਅਤੇ ਬੇਟਾ ਯਸ਼ ਚੌਹਾਨ ਘਰ ਮੌਜੂਦ ਸਨ ਤਾਂ ਰੋਹਿਤ ਸੂਦ, ਰਾਹੁਲ ਸੂਦ, ਸੁਰਿੰਦਰ ਕੁਮਾਰ ਅਤੇ ਉਸ ਦੀ ਪਤਨੀ ਰੀਟਾ ਸੂਦ ਨੇ ਰੰਜਿਸ਼ ਦੇ ਚਲਦਿਆਂ ਤਿੰਨਾਂ ਜਣਿਆਂ ਦੀ ਡਾਂਗਾਂ, ਬੇਸਬਾਲ ਤੇ ਕ੍ਰਿਪਾਨ ਨਾਲ ਕੁੱਟਮਾਰ ਕੀਤੀ। ਰਾਹੁਲ ਸੂਦ ਨੇ ਉਸ ਨੂੰ ਥੱਲੇ ਸੁੱਟ ਕੇ ਉਸ ਦੇ ਸਰੀਰ ਨਾਲ ਛੇੜਖਾਨੀ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਭੱਜ ਗਏ। ਹੌਲਦਾਰ ਗੁਰਮੇਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਕੂੰਮਕਲਾਂ ਦੀ ਪੁਲੀਸ ਨੂੰ ਪਿੰਡ ਕੂੰਮਕਲਾਂ ਵਾਸੀ ਅੰਮ੍ਰਿਤ ਸਿੰਘ ਨੇ ਦੱਸਿਆ ਹੈ ਕਿ ਜੱਗੀ ਪੁੱਤਰ ਸਤਨਾਮ ਸਿੰਘ ਵਾਸੀ ਕੂੰਮਕਲਾਂ ਸਮੇਤ ਆਪਣੇ ਸਾਥੀਆਂ ਨਾਲ ਮਿਲ ਕੇ ਬਿੱਟੂ ਡੀਜੇ ਵਾਲੇ ਦੇ ਘਰ ਦੇ ਸਾਹਮਣੇ ਦਾਹ, ਕ੍ਰਿਪਾਨਾਂ ਤੇ ਸੋਟੀਆਂ ਨਾਲ ਉਸ ਦੀ ਕੁੱਟਮਾਰ ਕੀਤੀ ਤੇ ਫਰਾਰ ਹੋ ਗਏ। ਪੁਲੀਸ ਵੱਲੋਂ ਹਰਿੰਦਰ ਸਿੰਘ ਉਰਫ਼ ਨੰਨੂ ਵਾਸੀ ਪਿੰਡ ਕੂੰਮਕਲਾਂ ਤੇ ਉਸ ਦੇ 3 ਨਾਮਲੂਮ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ