ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਜੂਨ
ਲੁਧਿਆਣਾ ਵਿੱਚ ਜਿੱਥੇ ਸਾਰੀਆਂ ਪਾਰਟੀਆਂ ਦਾ ਧਿਆਨ ਆਉਣ ਵਾਲੀਆਂ ਨਗਰ ਨਿਗਮ ਚੋਣਾਂ ‘ਤੇ ਟਿਕਿਆ ਹੋਇਆ ਹੈ, ਉੱਥੇ ਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ ਹੁਣ ਤੋਂ ਹੀ ਕਮਰ ਕੱਸ ਲਈ ਹੈ। ਸ਼ਹਿਰ ‘ਚ ਕਈ ਥਾਵਾਂ ‘ਤੇ ‘ਨਰਿੰਦਰ ਮੋਦੀ ਦੀ ਸਰਕਾਰ ਫਿਰ ਲਿਆਉਣ’ ਵਾਲੇੇ ਨਾਅਰੇ ਲਿਖਣੇ ਸ਼ੁਰੂ ਕਰ ਦਿੱਤੇ ਹਨ। ਹੁਣ ਤੱਕ ਦੀਆਂ ਲੋਕ ਸਭਾ, ਵਿਧਾਨ ਸਭਾ ਅਤੇ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰਾਂ ਦਾ ਲੋਕਾਂ ਵਿੱਚ ਬਹੁਤਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ ਪਰ 2024 ਦੀਆਂ ਲੋਕ ਸਭਾ ਚੋਣਾਂ ‘ਚ ਇਸ ਦੇ ਉਲਟ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਮੌਜੂਦਾ ਸਮੇਂ ਸਾਰੀਆਂ ਹੀ ਪਾਰਟੀਆਂ ਦਾ ਧਿਆਨ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੇ ਜੋੜ-ਤੋੜ ਵਿੱਚ ਲੱਗਾ ਹੋਇਆ ਹੈ ਜਦਕਿ ਭਾਜਪਾ ਵੱਲੋਂ ਲੋਕ ਸਭਾ ਦੀ ਤਿਆਰੀ ਵੀ ਵਿੱਢ ਦਿੱਤੀ ਗਈ ਹੈ। ਸ਼ਹਿਰ ਦੇ ਪੌਸ਼ ਇਲਾਕੇ ਸੈਕਟਰ 32 ਵਿੱਚ ਭਾਜਪਾ ਦੇ ਹੱਕ ‘ਚ ਲਗਾਏ ਬੋਰਡ ਇਸ ਦੀ ਤਾਜ਼ਾ ਉਦਾਹਰਣ ਵਜੋਂ ਦੇਖੇ ਜਾ ਸਕਦੇ ਹਨ। ਦਰਜਨਾਂ ਦੀ ਗਿਣਤੀ ‘ਚ ਲੱਗੇ ਇੰਨਾਂ ਬੋਰਡਾਂ ‘ਤੇ ‘ਇੱਕ ਵਾਰ ਫਿਰ ਤੋਂ ਮੋਦੀ ਸਰਕਾਰ’ ਲਿਖਿਆ ਸਾਫ ਦੇਖਿਆ ਜਾ ਸਕਦਾ ਹੈ। ਇਹ ਬੋਰਡ ਇਸ ਗੱਲ ਦੀ ਵੀ ਗੁਆਹੀ ਦਿੰਦੇ ਹਨ ਕਿ ਇਸ ਵਾਰ ਭਾਜਪਾ ਆਪਣੇ ਬਲਬੂਤੇ ‘ਤੇ ਚੋਣਾਂ ਵਿੱਚ ਕੁਝ ਵੱਖਰਾ ਕਰਨ ਦੇ ਰੋਹ ਵਿੱਚ ਹੈ। ਭਾਜਪਾ ਦੇ ਛੋਟੇ ਤੋਂ ਲੈ ਕੇ ਵੱਡੇ ਆਗੂਆਂ ਵੱਲੋਂ ਮੀਟਿੰਗਾਂ ਦਾ ਦੌਰ ਪਹਿਲਾਂ ਹੀ ਸ਼ੁਰੂ ਕੀਤਾ ਹੋਇਆ ਹੈੈ। ਯੂਪੀ ਅਤੇ ਬਿਹਾਰ ਆਦਿ ਸੂਬਿਆਂ ਵਿੱਚ ਭਾਜਪਾ ਦਾ ਪ੍ਰਭਾਵ ਇਸ ਵਾਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਇੱਥੇ ਵੀ ਵੱਡੀ ਅਬਾਦੀ ਉਕਤ ਸੂਬਿਆਂ ਵਿੱਚੋਂ ਆਈ ਹੋਈ ਹੈ। ਬਹੁਤਿਆਂ ਨੇ ਸਥਾਨਕ ਪਤੇ ‘ਤੇ ਆਧਾਰ ਕਾਰਡ ਅਤੇ ਵੋਟਰ ਕਾਰਡ ਆਦਿ ਵੀ ਬਣੇ ਹੋਏ ਹਨ। ਇਸ ਕਰ ਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਨਤੀਜੇ ਕੁਝ ਵੱਖਰੇ ਹੋ ਸਕਦੇ ਹਨ।