ਪਵਨ ਕੁਮਾਰ ਵਰਮਾ
ਧੂਰੀ, 23 ਜੂਨ
ਧੂਰੀ-ਸੰਗਰੂਰ ਦੇ ਵਿਚਕਾਰ ਪੈਂਦੇ ਬੇਨੜਾ ਦੇ ਰਜਵਾਹੇ ਵਿੱਚ ਦੇਰ ਰਾਤ ਪਾੜ ਪੈ ਗਿਆ, ਜਿਸ ਕਾਰਨ ਪਿੰਡ ਬੇਨੜਾ ਦੇ ਕਿਸਾਨਾਂ ਦਾ ਤਾਂ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਪਰ ਮੁੱਖ ਮਾਰਗ ‘ਤੇ ਪਾਣੀ ਆਉਣ ਕਾਰਨ ਰਾਹਗੀਰਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਜਦੋਂ ਨਹਿਰੀ ਵਿਭਾਗ ਦੇ ਐੱਸਡੀਓ ਕਰਨ ਬਾਂਸਲ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰਜਵਾਹੇ ਦੇ ਪਾੜ ਬਾਰੇ ਪਤਾ ਲੱਗਣ ‘ਤੇ ਮਹਿਕਮੇ ਨੇ ਫੁਰਤੀ ਦਿਖਾਉਂਦੇ ਹੋਏ ਪਾੜ ਨੂੰ ਤੁਰੰਤ ਭਰ ਕੇ ਰਜਵਾਹੇ ਦੇ ਪਾਣੀ ਨੂੰ ਚਾਲੂ ਕਰਵਾ ਦਿੱਤਾ ਹੈ ਅਤੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਇਸ ਸਬੰਧੀ ਜਦੋਂ ਪਿੰਡ ਬੇਨੜਾ ਦੀ ਚੇਅਰਪਰਸਨ ਦੇ ਪਤੀ ਜਗਤਾਰ ਸਿੰਘ ਤਾਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਜਵਾਹੇ ਵਿੱਚ ਪਾੜ ਪੈਣ ਦੇ ਕਾਰਨ ਮਹਿਕਮੇ ਦੀ ਫੁਰਤੀ ਦੇ ਚੱਲਦਿਆ ਕੋਈ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ।
ਨਹਿਰੀ ਖ਼ਾਲ ਬਹਾਲ ਕਰਵਾ ਕੇ ਖੇਤਾਂ ਨੂੰ ਪਾਣੀ ਲਾਇਆ
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੋਂ ਨੇੜਲੇ ਪਿੰਡ ਨਦਾਮਪੁਰ ਦੇ ਰਜਵਾਹੇ ਦੇ ਮਾਇਨਰ-2 ਦੀ ਟੇਲ ਦੇ ਹਿੱਸੇਦਾਰ ਕਿਸਾਨ ਬਲਵੀਰ ਸਿੰਘ ਵੱਲੋਂ ਆਪਣੇ ਖਰਚੇ ‘ਤੇ ਜੇਸੀਬੀ ਮਸ਼ੀਨ ਰਾਹੀਂ ਕੱਚਾ ਖਾਲ ਬਹਾਲ ਕਰ ਕੇ ਆਪਣੀਆਂ ਫਸਲਾਂ ਦੀ ਸਿੰਜਾਈ ਨਹਿਰੀ ਪਾਣੀ ਨਾਲ ਕੀਤੀ। ਇਸ ਮੌਕੇ ਨਹਿਰੀ ਵਿਭਾਗ ਦੇ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਜਲ ਸਰੋਤ ਵਿਭਾਗ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵਿੱਢੀ ਮੁਹਿੰਮ ਨੂੰ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੂਜੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ਜ਼ਮੀਨੀ ਪਾਣੀ ਦੀ ਵਰਤੋਂ ਕਰਦਾ ਹੈ। ਉਨ੍ਹਾਂ ਦੱਸਿਆ ਕਿ 2019-20 ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ 14.76 ਲੱਖ ਟਿਊਬਵੈੱਲ ਹਨ, ਜਿਸ ਕਰ ਕੇ ਪੰਜਾਬ ਦੇ 109 ਬਲਾਕ ਡਾਰਕ ਜ਼ੋਨ ‘ਚ ਚਲੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਪੰਜਾਬ ਸਰਕਾਰ ਦੇ ਉਚੇਚੇ ਯਤਨਾਂ ਸਦਕਾ ਨਹਿਰੀ ਪਾਣੀ ਖੇਤਾਂ ਵਿੱਚ ਪਹੁੰਚਾਉਣ ਲਈ ਸੂਏ ਅਤੇ ਮਾਈਨਰਾਂ ਦੀ ਮੁਰੰਮਤ ਕਰਵਾਈ ਗਈ ਹੈ।