ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਜੂਨ
ਸ਼ਹਿਰ ਦੀ ਪ੍ਰਮੁੱਖ ਬਸੰਤ ਆਈਸ ਕਰੀਮ ਦੇ ਮਾਲਕ ਦੀ ਉਸ ਦੇ ਡਰਾਈਵਰ ਵੱਲੋਂ ਕਥਿਤ ਕੁੱਟਮਾਰ ਕੀਤੀ ਗਈ ਹੈ। ਪੁਲੀਸ ਵੱਲੋਂ ਇਸ ਮਾਮਲੇ ਸਬੰਧੀ ਡਰਾਈਵਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਚਰਨਜੀਤ ਸਿੰਘ ਪੁੱਤਰ ਰਾਜਿੰਦਰ ਸਿੰਘ ਬਸੰਤ ਵਾਸੀ ਭਾਈ ਰਣਧੀਰ ਸਿੰਘ ਨਗਰ ਨੇ ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਦੱਸਿਆ ਕਿ ਉਸਦੀ ਬਸੰਤ ਆਈਸ ਕਰੀਮ ਫੈਕਟਰੀ ਲਾਲ ਬਾਗ਼ ਰਾਜਗੁਰੂ ਨਗਰ ਵਿੱਚ ਹੈ। ਫੈਕਟਰੀ ਦੀ ਗੱਡੀ ਦਵਿੰਦਰ ਸਿਘ ਵਾਸੀ ਪਿੰਡ ਚੌਕੀਮਾਨ ਚਲਾਉਂਦਾ ਹੈ। ਉਸਨੂੰ ਸ਼ੱਕ ਸੀ ਕਿ ਉਹ ਕੋਈ ਨਸ਼ਾ ਕਰਦਾ ਹੈ। ਛੁੱਟੀ ਸਮੇਂ ਉਸਨੂੰ ਆਪਣਾ ਬੈਗ ਚੈੱਕ ਕਰਾਉਣ ਲਈ ਕਿਹਾ ਤਾਂ ਉਹ ਕਥਿਤ ਧੱਕਾ-ਮੁੱਕੀ ਕਰਨ ਲੱਗ ਪਿਆ ਅਤੇ ਉਸਦੇ ਕੱਪੜੇ ਵੀ ਪਾੜ ਦਿੱਤੇ। ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।