ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਨਵੰਬਰ
ਕੌਮੀ ਰਾਜਧਾਨੀ ਵਿੱਚ ਵਧ ਰਹੇ ਹਵਾ ਪ੍ਰਦੂਸ਼ਕਾਂ ਅਤੇ ਧੂੰਏਂ ਨੂੰ ਰੋਕਣ ਲਈ ਫੈਕਟਰੀਆਂ ਅਤੇ ਨਿਰਮਾਣ ਕਾਰਜਾਂ ਦਾ ਕੰਮ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ ਅਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦਿੱਲੀ ਸਰਕਾਰ ਨੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦਾ ਵੀ ਐਲਾਨ ਕੀਤਾ ਹੈ ਅਤੇ ਨੋਇਡਾ ਦੇ ਸਕੂਲਾਂ ਨੇ ਅੱਠਵੀਂ ਜਮਾਤ ਤੱਕ ਆਨਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ। ਪਾਣੀ ਦੇ ਛਿੜਕਾਅ ਅਤੇ ਐਂਟੀ ਸਮੋਗ ਗਨ ਤਾਇਨਾਤ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਉਸਾਰੀ ਅਤੇ ਢਾਹੁਣ ਦੇ ਕੰਮ ‘ਤੇ ਲਗਾਈ ਪਾਬੰਦੀ ਤੋਂ ਬਾਅਦ ਹਾਈਵੇਅ, ਸੜਕਾਂ, ਫਲਾਈਓਵਰ, ਓਵਰਹੈੱਡ ਬ੍ਰਿਜ, ਪਾਵਰ ਟਰਾਂਸਮਿਸ਼ਨ ਅਤੇ ਪਾਈਪਲਾਈਨਾਂ ਵਰਗੇ ਪ੍ਰਾਜੈਕਟ ਪ੍ਰਭਾਵਿਤ ਹੋਣਗੇ।
ਜਾਣਕਾਰੀ ਅਨੁਸਾਰ ਦਿੱਲੀ ਵਿੱਚ ਪ੍ਰਦੂਸ਼ਣ (450 ਗੰਭੀਰ) ਹਰਿਆਣਾ ਚਰਖੀ ਦਾਦਰੀ (460 ਗੰਭੀਰ) ਰੋਹਤਕ (437) ਭਿਵਾਨੀ (437) ਗੁਰੂਗ੍ਰਾਮ (430) ਬਹਾਦੁਰਗੜ੍ਹ (429) ਮਾਨੇਸਰ (412) ਕੈਥਲ (392) ਬੱਲਭਗੜ੍ਹ (377) ਪਾਣੀਪਤ (373) ਫਰੀਦਾਬਾਦ (373) ਸੋਨੀਪਤ (358) ਉੱਤਰ ਪ੍ਰਦੇਸ਼ ਨੋਇਡਾ (423 ਗੰਭੀਰ) ਗ੍ਰੇਟਰ ਨੋਇਡਾ (418 ਗੰਭੀਰ) ਗਾਜ਼ੀਆਬਾਦ (416 ਗੰਭੀਰ) ਬਾਗਪਤ 352 (ਬਹੁਤ ਖਰਾਬ) ਸੀ।
‘ਆਪ’ ਸਰਕਾਰ ਨੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਅਤੇ ਵੱਡੀ ਉਮਰ ਦੇ ਵਿਦਿਆਰਥੀਆਂ ਲਈ ਬਾਹਰੀ ਗਤੀਵਿਧੀਆਂ ‘ਤੇ ਪਾਬੰਦੀ ਲਗਾਉਣ ਦਾ ਵੀ ਐਲਾਨ ਕੀਤਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ‘ਗੰਭੀਰ’ ਤੱਕ ਪਹੁੰਚ ਗਈ ਗਈ ਹੈ।
ਕਈ ਵਸਨੀਕਾਂ ਨੂੰ ਪ੍ਰਦੂਸ਼ਣ ਕਾਰਨ ਸਾਹ ਲੈਣ ਵਿੱਚ ਤਕਲੀਫ਼ ਅਤੇ ਅੱਖਾਂ ਵਿੱਚ ਜਲਣ ਦੀ ਸ਼ਿਕਾਇਤ ਹੈ। ਜ਼ਹਿਰੀਲੀ ਹਵਾ ਅੱਖਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਸਾਹ ਲੈਣ ਵਿੱਚ ਵੀ ਮੁਸ਼ਕਲ ਆ ਰਹੀ ਹੈ। ਦਿੱਲੀ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਬੱਚਿਆਂ, ਬਜ਼ੁਰਗਾਂ ਤੇ ਸਾਹ ਅਤੇ ਕਾਰਡੀਓਵੈਸਕੁਲਰ ਸਮੱਸਿਆਵਾਂ ਵਾਲੇ ਲੋਕਾਂ ਨੂੰ ਬਾਹਰੀ ਗਤੀਵਿਧੀਆਂ ਤੋਂ ਬਚਣ ਦੀ ਅਪੀਲ ਕੀਤੀ ਹੈ।
ਭਾਜਪਾ ਨੇ ਭ੍ਰਿਸ਼ਟਾਚਾਰ ਤੇ ਪ੍ਰਦੂਸ਼ਣ ਮਾਮਲੇ ‘ਤੇ ਦਿੱਲੀ ਸਰਕਾਰ ਘੇਰੀ
ਦਿੱਲੀ ਵਿੱਚ ਫੈਲੇ ਹਵਾ ਪ੍ਰਦੂਸ਼ਣ ਦੇ ਮਾਮਲੇ ਵਿੱਚ ਭਾਜਪਾ ਨੇ ‘ਆਪ’ ਸਰਕਾਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਤੇ ਪ੍ਰਦੂਸ਼ਣ ਦੇ ਤਹਿਤ ਉਨ੍ਹਾਂ ਦਾ ਇਰਾਦਾ ਅਤੇ ਇਮਾਨਦਾਰੀ ਪਲੀਤ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਲੰਬੇ ਸਮੇਂ ਤੋਂ ਪ੍ਰਦੂਸ਼ਣ ‘ਤੇ ਰਾਜਨੀਤੀ ਕਰ ਰਹੇ ਹਨ। ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 34 ਫ਼ੀਸਦੀ ਵਾਧਾ ਹੋਇਆ ਹੈ। ਕੇਂਦਰ ਨੇ ਫਸਲਾਂ ਦੀ ਰਹਿੰਦ-ਖੂੰਹਦ ਲਈ 1350 ਕਰੋੜ ਰੁਪਏ ਦਿੱਤੇ ਅਤੇ ਪੰਜਾਬ ਨੇ 12,000 ਮਸ਼ੀਨਾਂ ਖਰੀਦੀਆਂ ਪਰ ਇਨ੍ਹਾਂ ਮਸ਼ੀਨਾਂ ਦਾ ਕੋਈ ਹਿਸਾਬ ਨਹੀਂ ਹੈ। ਪਾਤਰਾ ਨੇ ਦਿੱਲੀ ਦੇ ਕਿਰਤ ਮੰਤਰਾਲੇ ਦੁਆਰਾ ਉਸਾਰੀ ਉਦਯੋਗਾਂ ਵਿੱਚ ਵੱਡੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ। ਪਾਤਰਾ ਨੇ ਕਿਹਾ, ”ਅਸੀਂ ਦਿੱਲੀ ਦੇ ਕਿਰਤ ਮੰਤਰਾਲੇ ਦੁਆਰਾ ਕੀਤੇ ਗਏ ਭ੍ਰਿਸ਼ਟਾਚਾਰ ਦੇ ਮਾੜੇ ਕੰਮ ਨੂੰ ਸਾਹਮਣੇ ਲਿਆਉਣ ਲਈ ਕੋਈ ਕਸਰ ਨਹੀਂ ਛੱਡਾਂਗੇ।” ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਨਿਰਮਾਣ ਮਜ਼ਦੂਰਾਂ ਲਈ ਕੰਮ ਕਰ ਰਹੀਆਂ ਤਿੰਨ ਐੱਨਜੀਓਜ਼ ਨੇ ਪ੍ਰੌਕਸੀਜ਼ ਰਾਹੀਂ ਦਿੱਲੀ ਵਿੱਚ ਆਪਣੀ ਰਜਿਸਟ੍ਰੇਸ਼ਨ ਵਿੱਚ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦਿੱਲੀ ਵਿੱਚ ਦੋ ਲੱਖ ਫਰਜ਼ੀ ਨਿਰਮਾਣ ਮਜ਼ਦੂਰਾਂ ਨੂੰ ਰਜਿਸਟਰ ਕੀਤਾ ਗਿਆ ਹੈ। 65,000 ਦਾ ਇੱਕੋ ਮੋਬਾਈਲ ਨੰਬਰ ਹੈ। ‘ਆਪ’ ਦੇ ਅਧੀਨ ਕੀਤੀਆਂ ਗਈਆਂ ਰਜਿਸਟਰੀਆਂ ‘ਚ ਭਾਰੀ ਗੜਬੜੀ ਹੋਈ ਹੈ।
ਕਾਂਗਰਸ ਵੱਲੋਂ ਕੇਜਰੀਵਾਲ ਖ਼ਿਲਾਫ਼ ਰੋਸ ਪ੍ਰਦਰਸ਼ਨ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਅੱਜ ‘ਪ੍ਰਦੂਸ਼ਣ ਆਨ ਕੇਜਰੀਵਾਲ ਗੌਨ’ ਮੁਹਿੰਮ ਤਹਿਤ ਆਨੰਦ ਵਿਹਾਰ ਟਰਮੀਨਲ ਵਿੱਚ ਲਗਾਏ ਗਏ ਸਮੋਗ ਟਾਵਰ ਦੀ ਅਸਲੀਅਤ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਕੀਤੇ ਜਾ ਰਹੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਸਾਬਤ ਹੋਏ ਹਨ। ਜਿੱਥੇ ਕੇਜਰੀਵਾਲ ਆਪਣੇ ਸੱਤ ਸਾਲ ਤੱਕ ਦੇ ਕਾਰਜਕਾਲ ਦੌਰਾਨ ਪੰਜਾਬ, ਹਰਿਆਣਾ ਸਮੇਤ ਗੁਆਂਢੀ ਰਾਜਾਂ ਵਿੱਚ ਪਰਾਲੀ ਸਾੜਨ ਨੂੰ ਦਿੱਲੀ ਦੇ ਪ੍ਰਦੂਸ਼ਣ ਦਾ ਮੁੱਖ ਕਾਰਨ ਦੱਸਦੇ ਸਨ, ਉੱਥੇ ਅੱਜ ਪੰਜਾਬ ਦੇ ਮੁੱਖ ਮੰਤਰੀ ਨਾਲ ਪ੍ਰੈੱਸ ਕਾਨਫਰੰਸ ਕਰਕੇ ਮਾਨ ਵੱਲੋਂ ਇਸ ਨੂੰ ਨਕਾਰਨ ਦਾ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਕੰਟਰੋਲ ਨਾ ਕਰਨ ਦੀ ਨਾਕਾਮੀ ਮੰਨਦਿਆਂ ਅਰਵਿੰਦ ਕੇਜਰੀਵਾਲ ਨੂੰ ਤੁਰੰਤ ਪ੍ਰਭਾਵ ਨਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 15 ਕਰੋੜ ਦੀ ਲਾਗਤ ਨਾਲ ਇਕ ਮਹੀਨਾ ਪਹਿਲਾਂ ਬਣਾਏ ਗਏ ਆਨੰਦ ਵਿਹਾਰ ਦੇ ਸਮੋਗ ਟਾਵਰ ਦੇ ਬਿਲਕੁਲ ਹੇਠਾਂ ਕਰੀਬ 500 ਏਕਿਊਆਈ ਦੀ ਰਜਿਸਟ੍ਰੇਸ਼ਨ ਸਮੋਗ ਟਾਵਰ ਦੀ ਸਮਰੱਥਾ ‘ਤੇ ਸਵਾਲ ਖੜ੍ਹੇ ਕਰਦੀ ਹੈ।