ਜੋਗਿੰਦਰ ਸਿੰਘ ਓਬਰਾਏ
ਖੰਨਾ, 29 ਜੂਨ
ਅੱਜ ਖੰਨਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਬਕਰੀਦ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਮਸਜਿਦਾਂ ਵਿੱਚ ਪੁਹੰਚ ਕੇ ਜਿੱਥੇ ਨਮਾਜ਼ ਅਦਾ ਕੀਤੀ ਗਈ, ਉੱਥੇ ਹੀ ਇਕ ਦੂਜੇ ਦੇ ਗਲੇ ਲੱਗ ਕੇ ਈਦ ਦੀ ਮੁਬਾਰਕਬਾਦ ਦਿੱਤੀ ਗਈ। ਇਸ ਦੌਰਾਨ ਅੱਜ ਪਿੰਡ ਲਿਬੜਾ ਦੀ ਮਦੀਨਾ ਮਸਜਿਦ ਵਿੱਚ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਬਕਰੀਦ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਕੁਰਬਾਨੀ ਕੀਤੀ ਗਈ। ਨਮਾਜ਼ ਮਸਜਿਦ ਦੇ ਈਮਾਮ ਹਾਫਿਜ਼ ਮੁਹੰਮਦ ਅਹਿਮਦ ਵੱਲੋਂ ਅਦਾ ਕਰਵਾਈ ਗਈ ਅਤੇ ਈਦ ਦਾ ਖੁਤਬਾ ਪੜ੍ਹਿਆ ਗਿਆ। ਇਮਾਮ ਹਾਫਿਜ਼ ਅਹਿਮਦ ਨੇ ਦੱਸਿਆ ਕਿ ਇਸਲਾਮ ਵਿੱਚ ਕੇਵਲ ਦੋ ਤਿਉਹਾਰ ਹੀ ਪ੍ਰਮਾਣਿਤ ਹਨ। ਇਕ ਈਦ ਉਲ ਫਿਤਰ ਜੋ ਰਮਜ਼ਾਨੁਲ ਮੁਬਾਰਕ ਦੇ ਰੋਜ਼ੇ ਮੁਕੰਮਲ ਕਰਨ ਦੀ ਖੁਸ਼ੀ ਵਜੋਂ ਮਨਾਇਆ ਜਾਂਦਾ ਹੈ ਅਤੇ ਦੂਸਰਾ ਬਕਰੀਦ ਜਿਸ ਨੂੰ ਇਸਲਾਮ ਦੇ ਦੋ ਆਜੀਮ ਪੈਗੰਬਰ ਹਜ਼ਰਤ ਇਬਰਾਹੀਮ ਅਤੇ ਹਜ਼ਰਤ ਇਸਮਾਇਲ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕੁਰਬਾਨੀ ਇਕ ਤਰ੍ਹਾਂ ਦੀ ਇਬਾਦਤ ਅਤੇ ਭਗਤੀ ਹੈ। ਰੱਬ ਅੱਗੇ ਸਭ ਤੋਂ ਕੀਮਤੀ ਚੀਜ਼ ਦਾ ਨਜ਼ਰਾਨਾ ਪੇਸ਼ ਕਰਨਾ ਕੁਰਬਾਨੀ ਅਖਵਾਉਂਦਾ ਹੈ। ਸਿਤਾਰ ਮੁਹੰਮਦ ਲਿਬੜਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਸਾਬਕਾ ਮੈਂਬਰ ਪੰਜਾਬ ਵਕਫ਼ ਬੋਰਡ ਨੇ ਈਦ ਦੀ ਮੁਬਾਰਕ ਦਿੰਦਿਆਂ ਹਜ਼ਰਤ ਇਬਰਾਹੀਮ ਵਲੋਂ ਦਿੱਤੀ ਕੁਰਬਾਨੀ ਨੂੰ ਅੱਲਾ ਤਾਅਲਾ ਨੇ ਬੜੀ ਕੁਰਬਾਨੀ ਕਹਿ ਕੇ ਮੁਸਲਮਾਨਾਂ ਨੂੰ ਇਹ ਸੰਦੇਸ਼ ਦਿੱਤਾ ਜੇ ਤੁਸੀਂ ਇਬਰਾਹਿਮ ਨੂੰ ਪੈਗੰਬਰ ਸਵੀਕਾਰਦੇ ਹੋ ਤਾਂ ਲੋੜ ਪੈਣ ‘ਤੇ ਆਪਣੀ ਜਾਨ ਤੱਕ ਅੱਲਾਹ ਦੇ ਰਾਹ ਵਿੱਚ ਕੁਰਬਾਨ ਕਰਨ ਦਾ ਸਾਹਸ ਤੇ ਹੌਸਲਾ ਪੈਦਾ ਕਰੋ। ਕੁਰਬਾਨੀ ਕੋਈ ਰਸਮੋ ਰਿਵਾਜ਼ ਨਹੀਂ ਸਗੋਂ ਈਮਾਨ ਦੀ ਤਾਜ਼ਗੀ ਦਾ ਨਾਂ ਹੈ।