ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 26 ਜੂਨ
ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਟਕਸਾਲੀ ਕਾਂਗਰਸੀ ਰਵਿੰਦਰ ਸੱਭਰਵਾਲ ਦੇ ਗ੍ਰਹਿ ਵਿਖੇ ਪੁੱਜੇ। ਕੁਝ ਕਾਰਨਾਂ ਕਰ ਕੇ ਨਾਰਾਜ਼ ਚੱਲ ਰਹੇ ਬਲਾਕ ਕਾਂਗਰਸ ਸ਼ਹਿਰੀ ਦੇ ਸਾਬਕਾ ਪ੍ਰਧਾਨ ਰਵਿੰਦਰ ਸੱਭਰਵਾਲ, ਜਿਨ੍ਹਾਂ ਦੀ ਪਤਨੀ ਅਨੀਤਾ ਸੱਭਰਵਾਲ ਕੌਂਸਲਰ ਹਨ, ਨੂੰ ਮਨਾਉਣ ‘ਚ ਉਹ ਸਫ਼ਲ ਰਹੇ ਅਤੇ ਇਸ ਮੁਲਾਕਾਤ ਤੋਂ ਬਾਅਦ ਸੱਭਰਵਾਲ ਪਰਿਵਾਰ ਨੇ ਕਾਂਗਰਸ ਨੂੰ ਇਕਜੁੱਟ ਕਰਨ ਲਈ ਸਿਰਤੋੜ ਯਤਨ ਕਰਨ ਦਾ ਐਲਾਨ ਕੀਤਾ। ਇਸ ਮੌਕੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਅਤੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਸਮੇਤ ਕਈ ਕਾਂਗਰਸੀ ਅਹੁਦੇਦਾਰ ਹਾਜ਼ਰ ਸਨ। ਸੋਨੀ ਗਾਲਿਬ ਨੇ ਇਸ ‘ਚ ਸੂਤਰਧਾਰ ਦੀ ਭੂਮਿਕਾ ਨਿਭਾਈ। ਲੰਬੇ ਸਮੇਂ ਤੋਂ ਨਗਰ ਕੌਂਸਲ ਜਗਰਾਉਂ ‘ਚ ਕਾਂਗਰਸੀ ਕੌਂਸਲਰਾਂ ਦੀ ਪ੍ਰਧਾਨ ਜਤਿੰਦਰਪਾਲ ਰਾਣਾ ਨਾਲ ਚੱਲ ਰਹੀ ਧੜੇਬੰਦੀ ਨੂੰ ਇਸ ਮੀਟਿੰਗ ਉਪਰੰਤ ਠੱਲ੍ਹ ਪੈਣ ਦੇ ਆਸਾਰ ਹਨ ਅਤੇ ਉਹ ਹੁਣ ਹੋਰ ਮਜ਼ਬੂਤ ਬਣ ਕੇ ਉੱਭਰਨਗੇ। ਲੰਬੇ ਸਮੇਂ ਤੱਕ ਚੱਲੀ ਮੀਟਿੰਗ ਤੋਂ ਬਾਅਦ ਐੱਮਪੀ ਬਿੱਟੂ ਨੇ ਕਿਹਾ ਕਿ ਸੱਭਰਵਾਲ ਪਰਿਵਾਰ ਦੀ ਕਾਂਗਰਸ ਨੂੰ ਬਹੁਤ ਵੱਡੀ ਦੇਣ ਹੈ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ‘ਚ ਸੱਭਰਵਾਲ ਪਰਿਵਾਰ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ। ਇਸ ਮੌਕੇ ਆਸ਼ੂ ਨੇ ਕਿਹਾ ਕਿ ਨਗਰ ਕੌਂਸਲ ਦੇ ਸਾਰੇ ਕੌਂਸਲਰ ਇਕਜੁੱਟ ਹੋ ਕੇ ਸ਼ਹਿਰ ਦਾ ਵਿਕਾਸ ਕਰਨਗੇ। ਰਵਿੰਦਰਪਾਲ ਸੱਭਰਵਾਲ ਨੇ ਕਿਹਾ ਕਿ ਉਹ ਸ੍ਰੀ ਬਿੱਟੂ ਅਤੇ ਆਸ਼ੂ ਨਾਲ ਮਿਲ ਕੇ ਬਾਕੀ ਕੌਂਸਲਰਾਂ ਦੇ ਗਿਲੇ-ਸ਼ਿਕਵੇ ਦੂਰ ਕੀਤੇ ਜਾਣਗੇ।