ਪੱਤਰ ਪ੍ਰੇਰਕ
ਰਾਏਕੋਟ, 4 ਨਵੰਬਰ
ਇੱਥੇ ਅੱਜ ਕਿਸਾਨ ਅੰਦੋਲਨ ਅੱਗੇ ਝੁਕ ਕੇ ਮੋਦੀ ਹਕੂਮਤ ਵੱਲੋਂ ਤਿੰਨ ਵਿਵਾਦਿਤ ਖੇਤੀ ਕਾਨੂੰਨ ਵਾਪਸ ਲੈਣ ਦੀ ਪਹਿਲੀ ਵਰ੍ਹੇਗੰਢ ਮੌਕੇ 19 ਨਵੰਬਰ ਨੂੰ ਪੰਜਾਬ ਭਰ ਵਿਚ ਕਿਸਾਨਾਂ ਨੂੰ ਦੀਪਮਾਲਾ ਕਰਨ ਦਾ ਸੱਦਾ ਦਿੱਤਾ ਗਿਆ। ਇਹ ਸੱਦਾ ਪੰਜਾਬ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੀ ਇੱਥੇ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਚ ਹੋਈ ਮੀਟਿੰਗ ਵਿਚ ਦਿੱਤਾ ਗਿਆ ਹੈ। ਇਸ ਮੌਕੇ ਮੋਰਚੇ ਦੌਰਾਨ ਸ਼ਹੀਦ ਹੋਏ ਸੱਤ ਸੌ ਤੋਂ ਵਧੇਰੇ ਕਿਸਾਨਾਂ-ਮਜ਼ਦੂਰਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ 26 ਨਵੰਬਰ ਨੂੰ ਸਰਕਾਰ ਵੱਲੋਂ ਲਿਖਤੀ ਭਰੋਸੇ ਅਨੁਸਾਰ ਮੰਗਾਂ ਮਨਵਾਉਣ ਲਈ ਚੰਡੀਗੜ੍ਹ ਦੇ ਗੁਰਦੁਆਰਾ ਅੰਬ ਸਾਹਿਬ ਵਿਚ 31 ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਹੋਣ ਵਾਲੀ ਕਿਸਾਨ ਕਾਨਫ਼ਰੰਸ ਵਿਚ ਸ਼ਮੂਲੀਅਤ ਕਰਨ ਦਾ ਵੀ ਐਲਾਨ ਕੀਤਾ ਗਿਆ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂਆਂ ਦੀ ਮੀਟਿੰਗ ਵਿਚ ਪਿਛਲੇ ਕੰਮਾਂ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ ਅਤੇ ਅਗਲੇ ਪ੍ਰੋਗਰਾਮਾਂ ਦੀ ਵਿਉਂਤਬੰਦੀ ਕੀਤੀ ਗਈ। ਪਿੰਡਾਂ ਵਿਚ ਕਿਸਾਨ ਇਕਾਈਆਂ ਨੂੰ ਹੋਰ ਮਜ਼ਬੂਤ ਕਰਨ ਲਈ ਮੈਂਬਰਸ਼ਿਪ ਮੁਹਿੰਮ ਤੇਜ਼ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਜਥੇਬੰਦਕ ਸਕੱਤਰ ਗੁਰਚਰਨ ਸਿੰਘ ਬੜਿੰਗ ਅਨੁਸਾਰ ਪਰਾਲੀ ਸਾੜੇ ਜਾਣ ਦੇ ਮਾਮਲੇ ਵਿਚ ਚਰਚਾ ਦੌਰਾਨ ਜਿੱਥੇ ਕਿਸਾਨਾਂ ਨੂੰ ਵੀ ਸੰਜਮ ਤੋਂ ਕੰਮ ਲੈਣ ਦੀ ਸਲਾਹ ਦਿੱਤੀ ਗਈ ਹੈ, ਉਥੇ ਭਗਵੰਤ ਮਾਨ ਸਰਕਾਰ ਦੇ ਦੋਗਲੇ ਪੈਂਤੜੇ ਦੀ ਵੀ ਨਿੰਦਾ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਬਿਆਨਬਾਜ਼ੀ ਅਤੇ ਅਮਲ ਵਿਚ ਕੋਈ ਤਾਲਮੇਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੀ ਬਾਂਹ ਫੜੇ ਅਤੇ ਉਨ੍ਹਾਂ ਨੂੰ ਉਚਿਤ ਆਰਥਿਕ ਸਹਾਇਤਾ ਦੇਣ ਦੀ ਵੀ ਮੰਗ ਕੀਤੀ ਹੈ। ਮੀਟਿੰਗ ਵਿਚ ਗੁਰਨਾਮ ਸਿੰਘ ਭੀਖੀ, ਗੁਰਜੰਟ ਸਿੰਘ, ਕਰਨੈਲ ਸਿੰਘ, ਹਾਕਮ ਸਿੰਘ ਝੁਨੀਰ, ਡਾਕਟਰ ਬਲਵੀਰ ਸਿੰਘ ਅਤੇ ਬਲਜਿੰਦਰ ਕੌਰ ਸ਼ਾਮਲ ਹੋਏ।