ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਨਵੰਬਰ
ਪੀਏਯੂ ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵੱਲੋਂ ਕਰਵਾਏ ਜਾ ਰਹੇ ਅੰਤਰ ਕਾਲਜ ਬਾਸਕਟਬਾਲ ਮੁਕਾਬਲਿਆਂ ਦੇ ਆਖਰੀ ਦਿਨ ਵਾਈਸ ਚਾਂਸਲਰ ਡਾ. ਸਤਬਿੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਗੋਸਲ ਨੇ ਕਿਹਾ ਕਿ ਖੇਤੀ ਖੋਜ ਨੂੰ ਸਮਰਪਿਤ ਯੂਨੀਵਰਸਿਟੀ ਹੋਣ ਦੇ ਬਾਵਜੂਦ ਪੀਏਯੂ ਨੇ ਖੇਡਾਂ ਦੇ ਖੇਤਰ ਵਿੱਚ ਸੁਨਹਿਰੀ ਇਤਿਹਾਸ ਸਿਰਜਿਆ ਹੈ। ਫਾਈਨਲ ਮੁਕਾਬਲੇ ਵਿੱਚ ਖੇਤੀਬਾੜੀ ਕਾਲਜ ਦੀ ਟੀਮ ਬਾਗਬਾਨੀ ਅਤੇ ਜੰਗਲਾਤ ਕਾਲਜ ਨੂੰ ਹਰਾ ਕੇ ਜੇਤੂ ਬਣੀ ਜਦਕਿ ਖੇਤੀ ਇੰਜਨੀਅਰਿੰਗ ਕਾਲਜ ਦੀ ਟੀਮ ਤੀਜੇ ਸਥਾਨ ‘ਤੇ ਰਹੀ। ਔਰਤਾਂ ਦੇ ਮੁਕਾਬਲੇ ਵਿੱਚ ਸਾਂਝੇ ਰੂਪ ਵਿੱਚ ਪਹਿਲਾ ਸਥਾਨ ਬਾਗਬਾਨੀ ਅਤੇ ਜੰਗਲਾਤ ਕਾਲਜ ਦੀ ਟੀਮ ਨੇ ਹਾਸਲ ਕੀਤਾ। ਕਮਿਊਨਟੀ ਸਾਇੰਸ ਕਾਲਜ ਦੀ ਟੀਮ ਉਪ ਜੇਤੂ ਰਹੀ। ਡਾ. ਗੋਸਲ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ । ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਦੀ ਸਮੁੱਚੀ ਸ਼ਖਸ਼ੀਅਤ ਦਾ ਵਿਕਾਸ ਕਰਦੀਆਂ ਹਨ। ਉਨ੍ਹਾਂ ਜੇਤੂ ਟੀਮਾਂ ਨੂੰ ਵਧਾਈ ਵੀ ਦਿੱਤੀ। ਇਸ ਤੋਂ ਪਹਿਲਾਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਵਾਈਸ ਚਾਂਸਲਰ ਦਾ ਸਵਾਗਤ ਕਰਦਿਆਂ ਪੀਏਯੂ ਵੱਲੋਂ ਬਾਸਕਟਬਾਲ ਦੇ ਖੇਤਰ ਵਿੱਚ ਹਾਸਲ ਕੀਤੀਆਂ ਕਾਮਯਾਬੀਆਂ ਤੋਂ ਜਾਣੂੰ ਕਰਵਾਇਆ।
ਪਾਵਰ ਲਿਫਟਿੰਗ ਦੇ ਜੇਤੂ ਖਿਡਾਰੀਆਂ ਦਾ ਸਨਮਾਨ
ਖੰਨਾ (ਨਿੱਜੀ ਪੱਤਰ ਪ੍ਰੇਰਕ): ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਰਾਜ ਪੱਧਰੀ ਮੁਕਾਬਲਿਆਂ ਵਿਚ ਪਾਵਰ ਲਿਫਟਿੰਗ ਲੁਧਿਆਣਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਦੂਜਾ ਸਥਾਨ ਹਾਸਲ ਕੀਤਾ। ਉਨ੍ਹਾਂ ਖਿਡਾਰੀਆਂ ਦਾ ਰਸਫਫ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿੱਚ ਚੱਲ ਰਹੇ ਪਾਵਰ ਲਿਫਟਿੰਗ ਸੈਂਟਰ ‘ਚ ਪੁੱਜਣ ‘ਤੇ ਮਾ.ਬਲਵਿੰਦਰ ਸਿੰਘ ਦੀ ਅਗਵਾਈ ਹੇਠਾਂ ਸਨਮਾਨ ਕੀਤਾ ਗਿਆ। ਕੋਚ ਸੰਜੀਵ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ 600 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ, ਜਿਸ ਵਿਚ ਲੁਧਿਆਣਾ ਜ਼ਿਲ੍ਹਾ ਦੇ ਲੜਕੇ ਤੇ ਲੜਕੀਆਂ ਨੇ 10 ਸੋਨ, 8 ਚਾਂਦੀ ਅਤੇ 6 ਕਾਂਸੀ ਦੇ ਤਗ਼ਗੇ ਹਾਸਲ ਕੀਤੇ। ਉਨ੍ਹਾਂ ਦੱਸਿਆ ਕਿ ਅਨੁਰਾਗ, ਰਾਘਵ, ਨਵਜੋਤ ਵਰਮਾ, ਗੁਰਸਿਮਰਨ ਕੌਰ, ਸੰਦੀਪ ਕੌਰ, ਮੁਸਕਾਨ, ਕੋਮਲਪ੍ਰੀਤ ਕੌਰ, ਸੰਦੀਪ ਰਾਣੀ, ਖੁਸ਼ਪ੍ਰੀਤ ਕੌਰ, ਪ੍ਰਭਜੋਤ ਸਿੰਘ ਨੇ ਸੋਨ ਤਗ਼ਮਾ, ਅਕਾਸ਼, ਅਜ਼ਾਦਪ੍ਰੀਤ ਸਿੰਘ, ਗੁਰਨਾਇਤ ਸਿੰਘ, ਜਸਪ੍ਰੀਤ ਕੌਰ, ਕਰਨ, ਰਾਜਵੀਰ, ਅਨੁ ਕੁਮਾਰੀ, ਇਕਬਾਲ ਸਿੰਘ ਹੰਸ ਨੇ ਚਾਂਦੀ, ਅਤੇ ਸੁਜਲ ਮਹਿਤਾ, ਅੰਜਲੀ, ਸੁਮਨਪ੍ਰੀਤ ਕੌਰ, ਮਾਨਸੀ, ਦੀਕਸ਼ਾ ਵਰਮਾ, ਸ਼ਿਵਮ ਮੈਨਰੋ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ।