ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਨਵੰਬਰ
ਮਾਰਕੀਟ ਐਸੋਸੀਏਸ਼ੇਨ ਤੇ ਪਾਰਕਿੰਗ ਠੇਕੇਦਾਰ ਵਿਚਾਲੇ ਚਲ ਰਹੇ ਵਿਵਾਦ ਦਾ ਅੱਜ ਨਬਿੇੜਾ ਹੋ ਗਿਆ। ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਦੋਵਾਂ ਪੱਖਾਂ ਨੂੰ ਬਿਠਾ ਕੇ ਮਸਲਾ ਸੁਲਝਾ ਦਿੱਤਾ। ਇਸ ਸਬੰਧੀ ਅੱਜ ਵਿਧਾਇਕ ਗੋਗੀ ਨੇ ਠੇਕੇਦਾਰਾਂ ਤੇ ਮਾਰਕੀਟ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਲੈ ਕੇ ਨਗਰ ਨਿਗਮ ਡੀ ਜ਼ੋਨ ਵਿੱਚ ਪੱਤਰਕਾਰ ਮਿਲਣੀ ਵੀ ਕੀਤੀ ਤੇ ਸਾਫ਼ ਕੀਤਾ ਕਿ ਜਿਵੇਂ ਮਾਰਕੀਟ ਐਸੋਸੇਈਸ਼ੇਨਾਂ ਦੇ ਮੈਂਬਰ ਚਾਹੁੰਦੇ ਸਨ, ਉਸੇ ਤਰੀਕੇ ਦੇ ਨਾਲ ਮਸਲਾ ਸੁਲਝਾ ਲਿਆ ਗਿਆ ਹੈ।
ਮਾਰਕੀਟ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੋਸ਼ ਲਗਾਏ ਸਨ ਕਿ ਪਾਰਕਿੰਗ ਠੇਕੇਦਾਰ ਦੇ ਕਰਿੰਦੇ ਜ਼ਿਆਦਾ ਪੈਸੇ ਵਸੂਲਦੇ ਹਨ। ਇਸ ਤੋਂ ਬਾਅਦ ਹੁਣ ਇਹ ਤੈਅ ਕੀਤਾ ਗਿਆ ਕਿ 10 ਰੁਪਏ ਪ੍ਰਤੀ ਘੰਟਾ ਦੀ ਥਾਂ ‘ਤੇ ਹੁਣ ਸਿਰਫ਼ 15 ਰੁਪਏ ਦੀ ਪਰਚੀ ਲਗਾਈ ਜਾਏਗੀ, ਜਿਸ ਵਿੱਚ ਅਣਲਿਮਟਿਡ ਸਮੇਂ ਲਈ ਮੋਟਰਸਾਈਕਲ ਖੜ੍ਹਾ ਕਰ ਦਿੱਤਾ ਜਾਵੇਗਾ। ਜਦੋਂਕਿ ਕਾਰ ਲਈ 30 ਰੁਪਏ ਨਿਰਧਾਰਿਤ ਕੀਤੇ ਗਏ ਹਨ, ਜਿਸ ਵਿੱਚ ਸਮੇਂ ਦੀ ਕੋਈ ਸੀਮਾ ਨਹੀਂ ਹੈ।
ਹੁਣ ਇਸ ਸਮਝੌਤੇ ਤਹਿਤ ਮਾਡਲ ਟਾਊਨ ਟਿਊਸ਼ਨ ਮਾਰਕੀਟ, ਫਿਰੋਜ਼ਗਾਂਧੀ ਮਾਰਕੀਟ, ਫਿਰੋਜ਼ਪੁਰ ਰੋਡ ‘ਤੇ ਸਰਾਭਾ ਨਗਰ ਮਾਰਕੀਟ ਵਿੱਚ ਪੈਸੇ ਵਸੂਲੇ ਜਾਣਗੇ। ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਨੇ ਕਿਹਾ ਕਿ ਮਾਰਕੀਟ ਐਸੋਸੀਏਸ਼ਨ ਤੇ ਪਾਰਕਿੰਗ ਠੇਕੇਦਾਰ ਦਾ ਵਿਵਾਦ ਹੁਣ ਖਤਮ ਹੋ ਗਿਆ ਹੈ।