ਹਰਜੀਤ ਸਿੰਘ
ਡੇਰਾਬੱਸੀ, 23 ਜੂਨ
ਪਿੰਡ ਹਰੀਪੁਰ ਹਿੰਦੁਆ ਵਾਸੀਆਂ ਵੱਲੋਂ ਬਰਵਾਲਾ ਸੜਕ ‘ਤੇ ਸਥਿਤ ਨੈਕਟਰ ਲਾਈਫ ਸਾਇੰਸ ਫੈਕਟਰੀ ‘ਤੇ ਦੂਸ਼ਿਤ ਪਾਣੀ ਛੱਡਣ ਦਾ ਦੋਸ਼ ਲਾਇਆ ਹੈ। ਪਿੰਡ ਵਾਸੀਆਂ ਨੇ ਲੰਘੀ ਰਾਤ ਫੈਕਟਰੀ ਦੇ ਬਾਹਰ ਹੰਗਾਮਾ ਕੀਤਾ। ਪ੍ਰਦੂਸ਼ਣ ਰੋਕੂ ਬੋਰਡ ਦੇ ਅਧਿਕਾਰੀਆਂ ਨੇ ਪਾਣੀ ਦੇ ਨਮੂਨੇ ਭਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਹਰੀਪੁਰ ਹਿੰਦੁਆ ਦੇ ਪੰਚ ਸੋਹਣ ਲਾਲ, ਹਰੀਪੁਰ ਹਿੰਦੁਆ, ਬਲਕਾਰ ਸਿੰਘ, ਸੁਨੀਲ ਕੁਮਾਰ, ਮਨਵੀਰ ਸਿੰਘ, ਵਿਕਰਮ, ਹੈਪੀ ਸਣੇ ਹੋਰਨਾਂ ਨੇ ਦੱਸਿਆ ਕਿ ਲੰਘੀ ਰਾਤ ਫੈਕਟਰੀ ਦੇ ਮੇਨ ਗੇਟ ਤੋਂ ਦੂਸ਼ਿਤ ਪਾਣੀ ਬਾਹਰ ਛੱਡਿਆ ਜਾ ਰਿਹਾ ਸੀ। ਪਾਣੀ ਵਿੱਚੋਂ ਬਦਬੂ ਉੱਠ ਰਹੀ ਸੀ। ਮਾਮਲਾ ਵਧਦਾ ਦੇਖ ਲੰਘੀ ਰਾਤ ਪ੍ਰਦੂਸ਼ਣ ਰੋਕੂ ਬੋਰਡ ਦੇ ਫੀਲਡ ਅਫ਼ਸਰ ਰਜਿੰਦਰ ਸਿੰਘ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੂੰ ਫੈਕਟਰੀ ਦੇ ਗੇਟ ਤੋਂ ਕਾਫ਼ੀ ਦੇਰ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਮਗਰੋਂ ਬੋਰਡ ਦੇ ਐੱਸਡੀਓ ਪਿਯੂਸ਼ ਜਿੰਦਲ ਅਤੇ ਰਵਦੀਪ ਸਿੰਘ ਮੌਕੇ ‘ਤੇ ਪਹੁੰਚੇ ਜਿਨ੍ਹਾਂ ਵੱਲੋਂ ਮੌਕੇ ਤੋਂ ਪਾਣੀ ਦੇ ਨਮੂਨੇ ਭਰੇ ਗਏ।
ਪ੍ਰਦੂਸ਼ਣ ਬੋਰਡ ਦੇ ਐਕਸੀਅਨ ਗੁਰਸ਼ਰਨ ਗਰਗ ਨੇ ਕਿਹਾ ਕਿ ਫੈਕਟਰੀ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਅਮੋਨੀਆ ਗੈਸ ਦਾ ਪਾਈਪ ਲੀਕ ਹੋ ਗਿਆ ਸੀ ਜਿਸ ਕਰਕੇ ਵਰਕਰਾਂ ਵੱਲੋਂ ਉਸ ਦੇ ਪ੍ਰਭਾਵ ਨੂੰ ਰੋਕਣ ਲਈ ਪਾਣੀ ਪਾਇਆ ਗਿਆ ਸੀ। ਇਹ ਪਾਣੀ ਹੀ ਮੇਨ ਗੇਟ ਤੋਂ ਬਾਹਰ ਆ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਪਾਣੀ ਦੇ ਨਮੂਨੇ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਰਿਪੋਰਟ ਬਣਾ ਕੇ ਭੇਜ ਦਿੱਤੀ ਜਾਵੇਗੀ ਜਦੋਂਕਿ ਕਾਰਵਾਈ ਇੰਡਸਟਰੀ ਵਿਭਾਗ ਵੱਲੋਂ ਕੀਤੀ ਜਾਣੀ ਹੈ।
ਇਸ ਸਬੰਧੀ ਇੰਡਸਟਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਫੈਕਟਰੀ ਪ੍ਰਬੰਧਕਾਂ ਨੇ ਵੀ ਫੋਨ ਨਹੀਂ ਚੁੱਕਿਆ।