ਪੱਤਰ ਪ੍ਰੇਰਕ
ਕਾਹਨੂੰਵਾਨ, 4 ਨਵੰਬਰ
ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਬਗੋਲ ਵਿੱਚ ਘਰ ਨੇੜੇ ਪੈਂਦੀ ਜਗ੍ਹਾ ਉੱਤੇ ਕਾਬਜ਼ ਪਰਿਵਾਰ ਨੇ ਪੁਲੀਸ ਉੱਤੇ ਧੱਕੇ ਨਾਲ ਕਬਜ਼ਾ ਛੱਡਣ ਦੇ ਦੋਸ਼ ਲਗਾਏ ਹਨ। ਪੀੜਤ ਪਰਿਵਾਰ ਦੇ ਰਮੇਸ਼ ਸਿੰਘ ਪੁੱਤਰ ਜਰਨੈਲ ਸਿੰਘ ਨੇ ਮਿਲ ਕੇ ਦੱਸਿਆ ਕਿ ਉਨ੍ਹਾਂ ਦੇ ਘਰ ਕੋਲ ਲਾਲ ਲਕੀਰ ਦੇ ਅੰਦਰ ਸ਼ਾਮਲਾਟ ਜਗ੍ਹਾ ਪੈਂਦੀ ਹੈ। ਜਿਸ ਉੱਤੇ ਉਹ 30 ਸਾਲਾਂ ਤੋਂ ਕਾਬਜ਼ ਹੈ। ਪਰ ਹੁਣ ਨੇੜੇ ਰਹਿੰਦੇ ਇੱਕ ਪਰਿਵਾਰ ਨੇ ਉਸ ਥਾਂ ਦੇ ਪੈਸੇ ਵੱਟਣ ਖ਼ਾਤਰ ਉਨ੍ਹਾਂ ਨਾਲ ਝਗੜਾ ਖੜ੍ਹਾ ਕਰ ਲਿਆ ਹੈ। ਜਿਸ ਤੋਂ ਬਾਅਦ ਇਹ ਮਾਮਲਾ ਪੰਚਾਇਤ ਤੱਕ ਅੱਪੜ ਗਿਆ ਤਾਂ ਸਰਪੰਚ ਸਮੇਤ ਸਮੂਹ ਪੰਚਾਇਤ ਨੇ ਕਾਬਜ਼ ਧਿਰ ਦੇ ਹੱਕ ਵਿੱਚ ਮਤਾ ਪਾ ਕੇ ਉਨ੍ਹਾਂ ਨੂੰ ਲਿਖਤੀ ਤੌਰ ‘ਤੇ ਮਾਲਕ ਸਾਬਤ ਕਰ ਦਿੱਤਾ ਹੈ। ਰਮੇਸ਼ ਸਿੰਘ ਨੇ ਕਿਹਾ ਕਿ ਥਾਣਾ ਕਾਹਨੂੰਵਾਨ ਦੀ ਪੁਲੀਸ ਵੱਲੋਂ ਉਨ੍ਹਾਂ ਨੂੰ ਧੱਕੇ ਨਾਲ ਇਸ ਥਾਂ ਵਿੱਚੋਂ ਸਾਮਾਨ ਚੁੱਕ ਕੇ ਕਬਜ਼ਾ ਵਿਰੋਧੀ ਧਰ ਨੂੰ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕੋਈ ਵੀ ਅਦਾਲਤੀ ਜਾਂ ਵਿਭਾਗੀ ਹੁਕਮ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਸ ਜ਼ਮੀਨ ਤੋਂ ਹਟਾਉਣ ਲਈ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਦੋਂ ਥਾਣਾ ਮੁਖੀ ਸੁਖਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਦੋਵਾਂ ਧਿਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਵਿਵਾਦਤ ਥਾਂ ਸਬੰਧੀ ਮਾਮਲਾ ਅਦਾਲਤ ‘ਚ ਚੱਲ ਰਿਹਾ ਹੈ। ਅਦਾਲਤ ਦੇ ਫ਼ੈਸਲੇ ਤੱਕ ਕੋਈ ਵੀ ਧਿਰ ਉਸ ਜਗ੍ਹਾ ਨੂੰ ਲੈ ਕੇ ਝਗੜਾ ਨਾ ਕਰੇ।