ਸਤਵਿੰਦਰ ਬਸਰਾ
ਲੁਧਿਆਣਾ, 28 ਜੂਨ
ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਅਤੇ ਇਸ ਦੀ ਕਾਇਆਕਲਪ ਕਰਨ ਲਈ 650 ਕਰੋੜ ਰੁਪਏ ਖਰਚੇ ਜਾ ਰਹੇ ਹਨ ਪਰ ਬਰਸਾਤੀ ਮੌਸਮ ਸ਼ੁਰੂ ਹੋਣ ਦੇ ਬਾਵਜੂਦ ਇਸ ਨਾਲੇ ਵਿੱਚੋਂ ਬੂਟੀ ਤੇ ਉੱਗੀਆਂ ਝਾੜੀਆਂ ਦੀ ਸਫ਼ਾਈ ਨਹੀਂ ਹੋਈ। ਜੇਕਰ ਨਾਲੇ ਦੀ ਛੇਤੀ ਸਫ਼ਾਈ ਨਾ ਹੋਈ ਤਾਂ ਮੌਨਸੂਨ ਦੀਆਂ ਬਰਸਾਤਾਂ ਦੌਰਾਨ ਨੇੜਲੇ ਇਲਾਕਿਆਂ ਲਈ ਮੁਸੀਬਤਾਂ ਪੈਦਾ ਹੋ ਸਕਦੀਆਂ ਹਨ।
ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕਈ ਜੱਥੇਬੰਦੀਆਂ ਵੱਲੋਂ ਜਾਗਰੂਕਤਾ ਮੁਹਿੰਮਾਂ ਚਲਾਈਆਂ ਗਈਆਂ ਅਤੇ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ ਬੁੱਢੇ ਨਾਲੇ ਵਿੱਚ ਕੂੜਾ ਸੁੱਟਣ ਤੋਂ ਰੋਕਣ ਲਈ ਕਰੀਬ 14 ਕਿਲੋਮੀਟਰ ਜਾਲੀ ਲਗਾਈ ਹੋਈ ਹੈ। ਅਜੇ ਵੀ ਕਈ ਥਾਵਾਂ ‘ਤੇ ਜਾਲੀ ਲਗਾਉਣ ਦਾ ਕੰਮ ਮੁਕੰਮਲ ਨਹੀਂ ਹੋਇਆ, ਜਿਸ ਕਾਰਨ ਲੋਕਾਂ/ਰਾਹਗੀਰਾਂ ਨੂੰ ਬੁੱਢੇ ਨਾਲੇ ਵਿੱਚ ਕੂੜਾ ਸੁੱਟਣ ਦਾ ਮੌਕਾ ਮਿਲ ਰਿਹਾ ਹੈ। ਇਸੇ ਤਰ੍ਹਾਂ ਨਾਲੇ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਕਰਨ ਲਈ ਟ੍ਰੀਟਮੈਂਟ ਪਲਾਂਟ ਵੀ ਲਾਏ ਗਏ ਹਨ ਅਤੇ ਕਈ ਥਾਵਾਂ ‘ਤੇ ਹੋਰ ਲਾਏ ਜਾ ਰਹੇ ਹਨ। ਹਾਲਾਂਕਿ, ਬੁੱਢੇ ਨਾਲੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਉੱਗੀ ਬੂਟੀ ਨੂੰ ਬਾਹਰ ਕੱਢਣ ਲਈ ਬਹੁਤੇ ਉਪਰਾਲੇ ਕੀਤੇ ਦਿਖਾਈ ਨਹੀਂ ਦੇ ਰਹੇ। ਆਮ ਤੌਰ ‘ਤੇ ਮੌਨਸੂਨ ਆਉਣ ਤੋਂ ਪਹਿਲਾਂ ਬੁੱਢੇ ਨਾਲੇ ਦੀ ਸਫ਼ਾਈ ਹੋ ਜਾਂਦੀ ਹੈ ਪਰ ਇਸ ਵਾਰ ਸਫ਼ਾਈ ਦਾ ਕੰਮ ਅਧੂਰਾ ਜਾਪ ਰਿਹਾ ਹੈ। ਇੱਥੋਂ ਦੇ ਤਾਜਪੁਰ ਰੋਡ ਨੇੜੇ ਪੈਂਦੇ ਬੁੱਢੇ ਨਾਲੇ ਵਿੱਚ ਕਈ ਥਾਵਾਂ ‘ਤੇ ਬੂਟੀ ਇਕੱਠੀ ਹੋਈ ਦੇਖੀ ਜਾ ਸਕਦੀ ਹੈ। ਜੇਕਰ ਮੀਂਹ ਆਉਣ ਤੋਂ ਪਹਿਲਾਂ ਇੰਨਾਂ ਬੂਟੀਆਂ ਦੀ ਸਫ਼ਾਈ ਨਾ ਹੋਈ ਤਾਂ ਇਹ ਬਰਸਾਤੀ ਪਾਣੀ ਵਿੱਚ ਅੜਿੱਕਾ ਬਣ ਕੇ ਬੁੱਢੇ ਨਾਲੇ ਦੇ ਆਸ-ਪਾਸ ਦੀਆਂ ਬਸਤੀਆਂ ਲਈ ਖਤਰਾ ਬਣ ਸਕਦੀ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਬੂਟੀ ਨੂੰ ਛੇਤੀ ਤੋਂ ਸਾਫ਼ ਕਰਵਾਇਆ ਜਾਵੇ।
ਹਫ਼ਤੇ ਅੰਦਰ ਬੁੱਢੇ ਨਾਲੇ ਦੀ ਸਫ਼ਾਈ ਕਰਵਾਉਣ ਦਾ ਦਾਅਵਾ
ਨਗਰ ਨਿਗਮ ਦੇ ਐਕਸੀਅਨ ਰਵਿੰਦਰ ਗਰਗ ਨੇ ਦੱਸਿਆ ਕਿ ਬੁੱਢੇ ਨਾਲੇ ਵਿੱਚ ਬੂਟੀ ਆਪਣੇ ਆਪ ਪੈਦਾ ਹੁੰਦੀ ਰਹਿੰਦੀ ਹੈ ਜਿਸ ਕਰਕੇ ਸਫ਼ਾਈ ਦਾ ਕੰਮ ਸਾਰਾ ਸਾਲ ਚੱਲਦਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਇੱਕ ਮਸ਼ੀਨ ਪਿੰਡ ਬੱਲੋਕੇ ਨੇੜੇ ਗੋਪਾਲ ਨਗਰ ਵਿਖੇ ਚੱਲ ਰਹੀ ਹੈ ਜਦਕਿ ਦੂਜੀ ਮਸ਼ੀਨ ਤਾਜਪੁਰ ਰੋਡ ‘ਤੇ ਸਫ਼ਾਈ ਲਈ ਲਗਾ ਦਿੱਤੀ ਗਈ ਹੈ। ਸ੍ਰੀ ਗਰਗ ਨੇ ਦਾਅਵਾ ਕੀਤਾ ਕਿ ਹਫਤੇ ਦੇ ਅੰਦਰ-ਅੰਦਰ ਤਾਜਪੁਰ ਰੋਡ ਵਾਲੇ ਪਾਸੇ ਵੀ ਬੁੱਢੇ ਨਾਲੇ ਦੀ ਸਫ਼ਾਈ ਮੁਕੰਮਲ ਹੋ ਜਾਵੇਗੀ।