ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 4 ਨਵੰਬਰ
ਇੱਥੋਂ ਦੇ ਵਧੇਰੇ ਆੜ੍ਹਤੀਆਂ ਨੇ ਆਪਣੇ ਗਾਹਕਾਂ ਨੂੰ ਪ੍ਰੇਰਿਤ ਕਰਕੇ ਸਿਰਫ਼ ਸੁੱਕੀ ਫਸਲ ਲਿਆਉਣ ਲਿਆ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਯੂਨੀਅਨਾਂ ਦੇ ਆਗੂਆਂ ਵੱਲੋਂ ਵੀ ਆੜ੍ਹਤੀਆਂ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਸਿੰਗ ਫਸਾਉਣ ਦੀ ਥਾਂ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਵੱਧ ਤੋਂ ਵੱਧ 17 ਫ਼ੀਸਦੀ ਨਮੀ ਦੇ ਮਾਪਦੰਡ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਮੰਡੀਆਂ ਵਿੱਚ ਫਸਲ ਲਿਆ ਰਹੇ ਕਿਸਾਨਾਂ ਨੇ ਵੀ ਸੁੱਕਾ ਝੋਨਾ ਲਿਆਉਣ ਨਾਲ ਮਿਲ ਰਹੇ ਸਤਿਕਾਰ ਅਤੇ ਪਛਾਣ ਨੂੰ ਜ਼ਿਆਦਾ ਤਰਜੀਹ ਦਿੱਤੀ। ਮਾਲੇਰਕੋਟਲਾ ਤੇ ਲੁਧਿਆਣਾ ਜ਼ਿਲ੍ਹਿਆਂ ਹੇਠ ਪੈਂਦੇ ਇਸ ਇਲਾਕੇ ਦੀਆਂ ਮੰਡੀਆਂ ਵਿੱਚ ਫਸਲਾਂ ਦੀ ਨਮੀ ਦਾ ਵੱਧ ਹੋਣਾ ਹਰੇਕ ਖਰੀਦ ਸੀਜ਼ਨ ਦੌਰਾਨ ਆੜ੍ਹਤੀਆਂ ਅਤੇ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਰਿਹਾ ਹੈ। ਸਥਾਨਕ ਸ਼ਹਿਰ ਅਤੇ ਲਾਗਲੇ ਪਿੰਡਾਂ ਦੇ ਜ਼ਿਆਦਾਤਰ ਆੜ੍ਹਤੀਆਂ ਨੇ ਆਪਣੇ ਉਨ੍ਹਾਂ ਕਿਸਾਨਾਂ ਨੂੰ ਵੱਧ ਸਨਮਾਨ ਅਤੇ ਸਹੂਲਤਾਂ ਦੇਣੀਆਂ ਸ਼ੁਰ ਕਰ ਦਿੱਤੀਆਂ ਹਨ ਜਿਹੜੇ ਸਰਕਾਰ ਦੇ ਮਾਪਦੰਡਾਂ ਅਨੁਸਾਰ ਝੋਨਾ ਲਿਆ ਰਹੇ ਹਨ। ਇੱਥੋਂ ਦੇ ਅਵਤਾਰ ਕ੍ਰਿਸ਼ਨ ਸ਼ਰਮਾ ਅਤੇ ਪੱਖੋਵਾਲ ਮੰਡੀ ਦੇ ਆੜ੍ਹਤੀਏ ਅਸ਼ੋਕ ਮਲਹੋਤਰਾ ਨੇ ਦਾਅਵਾ ਕੀਤਾ ਕਿ ਇਸ ਰੁਝਾਨ ਨਾਲ ਕਿਸਾਨ ਝੋਨੇ ਨੂੰ ਖੇਤਾਂ ਅਤੇ ਘਰਾਂ ਵਿੱਚ ਚੰਗੀ ਤਰ੍ਹਾਂ ਸੁਕਾ ਕੇ ਲਿਆ ਰਹੇ ਹਨ।
ਆਲ ਇੰਡੀਆ ਕਿਸਾਨ ਸਭਾ ਆਗੂ ਬਲਦੇਵ ਸਿੰਘ ਲਤਾਲਾ ਨੇ ਮੰਨਿਆ ਕਿ ਇਸ ਰੁਝਾਨ ਨਾਲ ਕਿਸਾਨਾਂ ਸਮੇਤ ਸਾਰੀਆਂ ਧਿਰਾਂ ਨੂੰ ਲਾਭ ਹੋ ਰਿਹਾ ਹੈ। ਜਿੱਥੇ ਆੜ੍ਹਤੀਆਂ ਤੇ ਅਧਿਕਾਰੀਆਂ ਦਾ ਕੰਮ ਸੁਖਾਲਾ ਹੋਇਆ ਹੈ ਉੱਥੇ ਕਿਸਾਨਾਂ ਦਾ ਸਮਾਂ ਬਚਣ ਨਾਲ ਆਉਣ ਵਾਲੀ ਫਸਲ ਦੀ ਬਿਜਾਈ ਛੇਤੀ ਹੋਵੇਗੀ।