ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਨਵੰਬਰ
ਝੋਨੇ ਦੇ ਚੱਲ ਰਹੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਹਾਲ ਜਾਣਨ ਲਈ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਅੱਜ ਇਲਾਕੇ ਦੀਆਂ ਕੁਝ ਦਿਹਾਤੀ ਮੰਡੀਆਂ ਦਾ ਦੌਰਾ ਕੀਤਾ। ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਰਣਜੀਤ ਸਿੰਘ ਗੁੜੇ ਤੇ ਖਜ਼ਾਨਚੀ ਨੰਬਰਦਾਰ ਮਨਮੋਹਣ ਸਿੰਘ ਪੰਡੋਰੀ ਨੇ ਮੰਡੀਆਂ ਦੀ ਸਾਰ ਲੈਣ ਤੋਂ ਬਾਅਦ ਦੱਸਿਆ ਕਿ ਕੁਝ ਥਾਵਾਂ ‘ਤੇ ਝੋਨੇ ਵਿੱਚ ਵੱਧ ਨਮੀ ਦਾ ਮਾਮਲਾ ਸਾਹਮਣੇ ਆਇਆ ਤਾਂ ਕੁਝ ਇਕ ਥਾਂਵਾਂ ‘ਤੇ ਚੁਕਾਈ ਦਾ ਕੰਮ ਢਿੱਲਾ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਲਿਫਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਦੇਰੀ ਹੋਣ ‘ਤੇ ਝੋਨੇ ਦਾ ਵਜ਼ਨ ਘੱਟ ਹੋਣ ‘ਤੇ ਸ਼ਾਰਟੇਜ ਮਜ਼ਦੂਰਾਂ ਸਿਰ ਨਹੀਂ ਪਾਈ ਜਾ ਸਕਦੀ। ਪਿੰਡ ਸਵੱਦੀ ਕਲਾਂ, ਤਲਵੰਡੀ ਕਲਾਂ, ਪੱਬੀਆਂ ਆਦਿ ‘ਚ ਕਿਸਾਨਾਂ ਤੇ ਮਜ਼ਦੂਰਾਂ ਤੋਂ ਇਲਾਵਾ ਆੜ੍ਹਤੀਆਂ ਦੇ ਕੁਝ ਛੋਟੇ ਵੱਡੇ ਮਸਲੇ ਸਾਹਮਣੇ ਆਏ ਜਿਨ੍ਹਾਂ ਦਾ ਹੱਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਤਲਵੰਡੀ ਕਲਾਂ ਦੀ ਕਣਕ ਦੇ ਸੀਜ਼ਨ ਵੇਲੇ ਤੋੜੀ ਹੋਈ ਮੰਡੀ ਨੂੰ ਪਹਿਲਾਂ ਸਰਕਾਰੀ ਰਿਕਾਰਡ ਵਿੱਚ ਅਤੇ ਹੁਣ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਬਾਕਾਇਦਾ ਬਹਾਲ ਕਰਵਾ ਕੇ ਜਥੇਬੰਦੀ ਨੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਸੀ।