ਫ਼ਰੀਦਕੋਟ: ਇੱਥੇ ਦਸਮੇਸ਼ ਸਕੂਲ ਸਾਹਮਣੇ ਇੱਕ ਚੱਲਦੀ ਹੋਈ ਜ਼ੈੱਨ ਕਾਰ ਨੂੰ ਅਚਾਨਕ ਅੱਗ ਲੱਗ ਗਈ। ਗੱਡੀ ਵਿੱਚ ਧੂੰਆਂ ਨਿੱਕਲਦਾ ਦੇਖ ਮਹਿਲਾ ਚਾਲਕ ਤੁਰੰਤ ਕਾਰ ਤੋਂ ਬਾਹਰ ਆ ਗਈ ਅਤੇ ਉਸ ਤੋਂ ਤੁਰੰਤ ਬਾਅਦ ਕਾਰ ਅੱਗ ਦੀ ਲਪੇਟ ਵਿੱਚ ਆ ਗਈ। ਨਗਰ ਕੌਂਸਲ ਦੇ ਅੱਗ ਬੁਝਾਊ ਦਸਤੇ ਨੇ 20 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਅੱਗ ਉੱਪਰ ਕਾਬੂ ਪਾਇਆ। ਸੂਚਨਾ ਅਨੁਸਾਰ ਇਸ ਹਾਦਸੇ ਵਾਲੀ ਕਾਰ ਨੂੰ ਗੁਰਪ੍ਰੀਤ ਕੌਰ ਵਾਸੀ ਕੋਟਲੀ ਅਬਲੂ ਚਲਾ ਰਹੀ ਸੀ ਜੋ ਪਿੰਡ ਰਾਜੋਵਾਲਾ ਵਿੱਚ ਗਰਾਮ ਸੇਵਕ ਵਜੋਂ ਸੇਵਾਵਾਂ ਨਿਭਾ ਰਹੀ ਹੈ। ਚਸ਼ਮਦੀਦ ਰੂਪ ਸਿੰਘ ਨੇ ਕਿਹਾ ਕਿ ਜਦੋਂ ਉਸ ਨੇ ਕਾਰ ਵਿੱਚੋਂ ਅੱਗ ਦੀਆਂ ਲਾਟਾਂ ਨਿੱਕਲਦੀਆਂ ਦੇਖੀਆਂ ਤਾਂ ਉਸ ਨੇ ਤੁਰੰਤ ਪੁਲੀਸ ਅਤੇ ਅੱਗ ਬੁਝਾਊ ਦਸਤੇ ਨੂੰ ਫੋਨ ਕਰ ਦਿੱਤਾ। ਸੂਚਨਾ ਅਨੁਸਾਰ ਜੈੱਨ ਕਾਰ ਸੀ.ਐਨ.ਜੀ ‘ਤੇ ਚੱਲਦੀ ਸੀ ਅਤੇ ਹਾਦਸੇ ਸਮੇਂ ਕਾਰ ਵਿੱਚ ਗੈਸ ਦਾ ਅੱਧਾ ਸਿਲੰਡਰ ਮੋਜੂਦ ਸੀ। ਅੱਗ ਬੁਝਾਊ ਦਸਤੇ ਨੇ ਗੈਸ ਸਿਲੰਡਰ ਨੂੰ ਫਟਣ ਤੋਂ ਬਚਾਅ ਲਿਆ। -ਨਿੱਜੀ ਪੱਤਰ ਪ੍ਰੇਰਕ