ਫ਼ਿਰੋਜ਼ਪੁਰ: ਵਿਆਹ ਲਈ ਨਿਰਧਾਰਤ 21 ਸਾਲ ਦੀ ਉਮਰ ਤੋਂ ਘੱਟ ਉਮਰ ਦੇ ਲੜਕੇ ਦਾ ਵਿਆਹ ਕਰਵਾਉਣ ਦੇ ਦੋਸ਼ ਹੇਠ ਥਾਣਾ ਘੱਲ ਖੁਰਦ ਪੁਲੀਸ ਨੇ ਇਥੋਂ ਦੇ ਕਸਬਾ ਮੁੱਦਕੀ ਸਥਿਤ ਗੁਰਦੁਆਰਾ ਸਾਹਿਬ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਗ੍ਰੰਥੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਵਿਆਹ ਦਾ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਹੁੰਚਣ ਤੋਂ ਬਾਅਦ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਜ਼ਿਕਰਯੋਗ ਹੈ ਕਿ ਜਸਪ੍ਰੀਤ ਰਾਮ ਨਾਂ ਦੇ ਇੱਕ ਨੌਜਵਾਨ ਨੇ ਲੰਘੀ 25 ਅਪਰੈਲ ਨੂੰ ਆਪਣੀ ਪ੍ਰੇਮਿਕਾ ਰਵੀਨਾ ਨਾਲ ਇਸ ਗੁਰਦੁਆਰੇ ਵਿਚ ਪਰਿਵਾਰ ਦੀ ਮਰਜ਼ੀ ਦੇ ਖ਼ਿਲਾਫ਼ ਵਿਆਹ ਕਰਵਾਇਆ ਸੀ। ਵਿਆਹ ਮਗਰੋਂ ਉਸ ਨੇ ਆਪਣੀ ਤੇ ਰਵੀਨਾ ਦੀ ਸੁਰੱਖਿਆ ਲਈ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਇਸ ਦੌਰਾਨ ਹਾਈ ਕੋਰਟ ਦੇ ਧਿਆਨ ਵਿਚ ਆਇਆ ਕਿ ਵਿਆਹ ਸਮੇਂ ਜਸਪ੍ਰੀਤ ਦੀ ਉਮਰ 21 ਸਾਲ ਤੋਂ ਘੱਟ ਸੀ। ਅਦਾਲਤ ਨੇ ਸਥਾਨਕ ਪੁਲੀਸ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਸਨ ਕਿ ਉਹ ਵਿਆਹ ਕਰਵਾਉਣ ਵਾਲੇ ਗ੍ਰੰਥੀ ਦੀ ਭੂਮਿਕਾ ਸਪਸ਼ਟ ਕਰਕੇ ਰਿਪੋਰਟ ਅਦਾਲਤ ਨੂੰ ਭੇਜੇ। ਇਸ ਦੇ ਲਈ ਪ੍ਰਸ਼ਾਸਨ ਨੂੰ 24 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਸੀ, ਜਿਸ ਮਗਰੋਂ ਥਾਣਾ ਘੱਲ ਖੁਰਦ ਪੁਲੀਸ ਨੇ ਪੜਤਾਲ ਤੋਂ ਬਾਅਦ ਗ੍ਰੰਥੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਤਾਂ ਜੋ ਇਸ ਕਾਰਵਾਈ ਦੀ ਰਿਪੋਰਟ ਹਾਈ ਕੋਰਟ ਨੂੰ ਸੌਂਪੀ ਜਾ ਸਕੇ। ਹਾਲਾਂਕਿ ਦਰਜ ਕੀਤੇ ਗਏ ਮੁਕੱਦਮੇ ਵਿਚ ਗ੍ਰੰਥੀ ਦੀ ਸ਼ਨਾਖ਼ਤ ਦਰਜ ਨਹੀਂ ਕੀਤੀ ਗਈ ਹੈ। -ਨਿੱਜੀ ਪੱਤਰ ਪ੍ਰੇਰਕ