ਨਵੀਂ ਦਿੱਲੀ, 27 ਜੂਨ
ਏਆਈਐੱਮਆਈਐੱਮ ਆਗੂ ਅਸਦੂਦੀਨ ਓਵਾਇਸੀ ਨੇ ਕਿਹਾ ਕਿ ਕੀ ਸਾਂਝੇ ਸਿਵਲ ਕੋਡ ਦੇ ਨਾਂ ‘ਤੇ ਦੇਸ਼ ਦਾ ਬਹੁਲਵਾਦ ‘ਖੋਹ ਲਿਆ’ ਜਾਵੇਗਾ। ਓਵਾਇਸੀ ਨੇ ਕਿਹਾ, ”ਲੱਗਦਾ ਹੈ ਕਿ ਮੋਦੀ ਜੀ ਨੂੰ ਸ਼ਾਇਦ ਓਬਾਮਾ ਦੀ ਸਲਾਹ ਠੀਕ ਢੰਗ ਨਾਲ ਸਮਝ ਨਹੀਂ ਆਈ। ਕੀ ਪ੍ਰਧਾਨ ਮੰਤਰੀ ‘ਹਿੰਦੂ ਅਣਵੰਡੇ ਪਰਿਵਾਰ'(ਕਾਨੂੰਨ) ਨੂੰ ਖ਼ਤਮ ਕਰਨਗੇ। ਇਸ ਕਾਨੂੰਨ ਕਰਕੇ ਦੇਸ਼ ਨੂੰ ਸਾਲਾਨਾ 3064 ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਪ੍ਰਧਾਨ ਮੰਤਰੀ ਮੋਦੀ ਜਦੋਂ ਸਾਂਝੇ ਸਿਵਲ ਕੋਡ ਦੀ ਗੱਲ ਕਰਦੇ ਹਨ, ਤਾਂ ਉਹ ਹਿੰਦੂ ਸਿਵਲ ਕੋਡ ਬਾਰੇ ਬੋਲ ਰਹੇ ਹੁੰਦੇ ਹਨ। ਮੈਂ ਉਨ੍ਹਾਂ ਨੂੰ ‘ਹਿੰਦੂ ਅਣਵੰਡਿਆ ਪਰਿਵਾਰ’ (ਕਾਨੂੰਨ) ਰੱਦ ਕਰਨ ਦੀ ਚੁਣੌਤੀ ਦਿੰਦਾ ਹਾਂ, ਕੀ ਉਹ ਅਜਿਹਾ ਕਰ ਸਕਦੇ ਹਨ।” ਓਵਾਇਸੀ ਨੇ ਕਿਹਾ, ”ਪ੍ਰਧਾਨ ਮੰਤਰੀ ਇਕ ਪਾਸੇ ਪਸਮੰਦਾ ਮੁਸਲਮਾਨਾਂ ਲਈ ਮਗਰਮੱਛ ਦੇ ਹੰਝੂ ਵਹਾਉਂਦੇ ਹਨ, ਅਤੇ ਦੂਜੇ ਪਾਸੇ ਉਨ੍ਹਾਂ ਦੇ ਪਿਆਦੇ ਮੁਸਲਮਾਨਾਂ ਦੀਆਂ ਮਸਜਿਦਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਉਨ੍ਹਾਂ ਦੀ ਰੋਜ਼ੀ-ਰੋਟੀ ਖੋਹ ਰਹੇ ਹਨ, ਘਰਾਂ ‘ਤੇ ਬੁਲਡੋਜ਼ਰ ਚਲਾ ਰਹੇ ਹਨ ਤੇ ਹਜੂਮੀ ਕਤਲ ਕੀਤੇ ਜਾ ਰਹੇ ਹਨ।” ਓਵਾਇਸੀ ਨੇ ਟਵੀਟ ਕੀਤਾ, ”ਉਹ ਪੱਛੜੇ ਵਰਗ ਨਾਲ ਸਬੰਧਤ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਦਾ ਵੀ ਵਿਰੋਧ ਕਰ ਰਹੇ ਹਨ। ਉਨ੍ਹਾਂ ਦੀ ਸਰਕਾਰ ਨੇ ਗਰੀਬ ਮੁਸਲਮਾਨਾਂ ਲਈ ਵਜ਼ੀਫ਼ੇ ਬੰਦ ਕਰ ਦਿੱਤੇ ਹਨ। ਕੀ ਪਸਮੰਦਾ ਮੁਸਲਮਾਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਮੋਦੀ ਜੀ ਇਸ ਬਾਰੇ ਕੀ ਕਰ ਰਹੇ ਹਨ? ਪਸਮੰਦਾ ਮੁਸਲਮਾਨਾਂ ਤੋਂ ਵੋਟ ਮੰਗਣ ਤੋਂ ਪਹਿਲਾਂ, ਭਾਜਪਾ ਵਰਕਰਾਂ ਨੂੰ ਪਹਿਲਾਂ ਘਰ ਘਰ ਜਾ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਤਰਜਮਾਨਾਂ ਤੇ ਵਿਧਾਇਕਾਂ ਨੇ ਪੈਗੰਬਰ ਹਜ਼ਰਤ ਮੁਹੰਮਦ ਦਾ ਨਿਰਾਦਰ ਕੀਤਾ ਹੈ।” -ਪੀਟੀਆਈ
‘ਵਿਆਹਾਂ ਤੋਂ ਭੱਜਣ ਵਾਲੇ ਪੁਰਸ਼ਾਂ ਖ਼ਿਲਾਫ਼ ਵੀ ਕਾਨੂੰਨ ਦੀ ਲੋੜ’
ਏਆਈਐੱਮਆਈਐੱਮ ਆਗੂ ਨੇ ਕਿਹਾ, ”ਮੋਦੀ ਜੀ ਨੇ ਪਾਕਿਸਤਾਨ ਦੇ ਹਵਾਲੇ ਨਾਲ ਕਿਹਾ ਸੀ ਕਿ ਤਿੰਨ ਤਲਾਕ ‘ਤੇ ਪਾਬੰਦੀ ਹੈ। ਮੋਦੀ ਜੀ ਪਾਕਿਸਤਾਨੀ ਕਾਨੂੰਨ ਤੋਂ ਪ੍ਰੇਰਨਾ ਕਿਉਂ ਲੈ ਰਹੇ ਹਨ? ਅਸੀਂ ਹਮੇਸ਼ਾ ਇਹ ਮੰਗ ਕਰਦੇ ਆਏ ਹਾਂ ਕਿ ਸਮਾਜਿਕ ਸੁਧਾਰ ਕਾਨੂੰਨਾਂ ਜ਼ਰੀਏ ਨਹੀਂ ਹੋ ਸਕਦੇ। ਜੇਕਰ ਕੋਈ ਕਾਨੂੰਨ ਬਣਾਉਣਾ ਹੈ ਤਾਂ ਪੁੁਰਸ਼ਾਂ ਖਿਲਾਫ਼ ਬਣਾਇਆ ਜਾਵੇ, ਜੋ ਆਪਣੇ ਹੀ ਵਿਆਹਾਂ ਤੋਂ ਭੱਜਦੇ ਹਨ। ਉਨ੍ਹਾਂ ਇਥੇ ਤਿੰਨ ਤਲਾਕ ਖਿਲਾਫ਼ ਵੀ ਕਾਨੂੰਨ ਬਣਾਇਆ, ਪਰ ਜ਼ਮੀਨੀ ਪੱਧਰ ‘ਤੇ ਇਸ ਨਾਲ ਕੋਈ ਬਹੁਤਾ ਫ਼ਰਕ ਨਹੀਂ ਪਿਆ। ਅਲਬੱਤਾ ਮਹਿਲਾਵਾਂ ਦਾ ਸ਼ੋਸ਼ਣ ਪਹਿਲਾਂ ਨਾਲੋਂ ਵੀ ਵਧ ਗਿਆ।”